ਕਰਤਾਰਪੁਰ ਲਾਂਘੇ ਦੇ ਟਰਮੀਨਲ ਇਮਾਰਤ ’ਚ ਪੰਜਾਬੀ ਭਾਸ਼ਾ ਨੂੰ ਥਾਂ ਦਿੱਤੀ ਜਾਵੇ : ਤ੍ਰਿਪਤ ਬਾਜਵਾ

11/11/2019 12:29:53 AM

ਅੰਮ੍ਰਿਤਸਰ, (ਵਾਲੀਆ)- ਪੰਜਾਬ ਦੇ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅੱਜ ਇਥੇ ਕਿਹਾ ਹੈ ਕਿ ਭਾਰਤ ਸਰਕਾਰ ਵੱਲੋਂ ਕਰਤਾਰਪੁਰ ਲਾਂਘੇ ਲਈ ਬਣਾਈ ਗਈ ਟਰਮੀਨਲ ਇਮਾਰਤ (ਇੰਟੈਗਰੇਟਡ ਚੈੱਕ ਪੋਸਟ) ਦੇ ਉਦਘਾਟਨੀ ਪੱਥਰ ’ਤੇ ਪੰਜਾਬੀ ਭਾਸ਼ਾ ਨੂੰ ਥਾਂ ਨਾ ਦਿੱਤੇ ਜਾਣ ’ਤੇ ਆਪਣਾ ਇਤਰਾਜ਼ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਸੂਬੇ ’ਚ ਕੇਂਦਰ ਸਰਕਾਰ ਦੇ ਹਰ ਪ੍ਰਾਜੈਕਟ ਦੇ ਨੀਂਹ ਪੱਥਰ ਅਤੇ ਸਾਈਨ ਬੋਰਡ ’ਤੇ ਦਿੱਤੀ ਜਾਣਕਾਰੀ ਸਭ ਤੋਂ ਪਹਿਲਾਂ ਪੰਜਾਬ ਦੀ ਸਰਕਾਰੀ ਭਾਸ਼ਾ ਪੰਜਾਬੀ ਵਿਚ ਦਿੱਤੀ ਜਾਣੀ ਚਾਹੀਦੀ ਹੈ। ਡੇਰਾ ਬਾਬਾ ਨਾਨਕ ਵਿਖੇ ਬਣੀ ਇਸ ਟਰਮੀਨਲ ਇਮਾਰਤ ਦਾ ਉਦਘਾਟਨ ਕੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਰਾਜਪਾਲ ਅਤੇ ਮੁੱਖ ਮੰਤਰੀ ਦੀ ਹਾਜ਼ਰੀ ’ਚ ਕੀਤਾ ਸੀ। ਭਾਸ਼ਾ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਸਬੰਧਤ ਮਹਿਕਮੇ ਨੂੰ ਚਾਹੀਦਾ ਹੈ ਕਿ ਇਸ ਗਲਤੀ ਨੂੰ ਤੁਰੰਤ ਸੁਧਾਰ ਲਿਆ ਜਾਵੇ ਤਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਖੋਲ੍ਹੇ ਗਏ ਕਰਤਾਰਪੁਰ ਲਾਂਘੇ ਦੀ ਇਸ ਟਰਮੀਨਲ ਇਮਾਰਤ ਦੇ ਨੀਂਹ ਪੱਥਰ ’ਤੇ ਬਾਬੇ ਨਾਨਕ ਦੀ ਬੋਲੀ ਨੂੰ ਥਾਂ ਮਿਲ ਸਕੇ। ਬਾਜਵਾ ਨੇ ਕਿਹਾ ਕਿ ਮੁਲਕ ਦੇ ਸੰਵਿਧਾਨ ਵਿਚ ਪੰਜਾਬੀ ਸਮੇਤ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਬੋਲੀਆਂ ਜਾਣ ਵਾਲੀਆਂ 17 ਭਾਸ਼ਾਵਾਂ ਨੂੰ ਕੌਮੀ ਭਾਸ਼ਾਵਾਂ ਦਾ ਦਰਜਾ ਦਿੱਤਾ ਗਿਆ ਹੈ। ਇਸ ਲਈ ਕੇਂਦਰ ਸਰਕਾਰ ਦੇ ਸਾਰੇ ਮਹਿਕਮਿਆਂ ਨੂੰ ਚਾਹੀਦਾ ਹੈ ਕਿ ਉਹ ਸੰਵਿਧਾਨ ਦੀ ਫ਼ੈੱਡਰਲ ਭਾਵਨਾ ਦਾ ਸਤਿਕਾਰ ਕਰਦਿਆਂ ਆਪਣੇ ਸਾਰੇ ਪ੍ਰਾਜੈਕਟਾਂ ਦੇ ਨਾਂ, ਨੀਂਹ ਪੱਥਰ ਅਤੇ ਹੋਰ ਜਾਣਕਾਰੀ ਉਸ ਸੂਬੇ ਦੀ ਸਰਕਾਰੀ ਭਾਸ਼ਾ ’ਚ ਸਭ ਤੋਂ ਪਹਿਲਾਂ ਲਿਖਣ, ਜਿਸ ਸੂਬੇ ’ਚ ਉਹ ਪ੍ਰਾਜੈਕਟ ਲਾਏ ਜਾ ਰਹੇ ਹੋਣ। ਇਸ ਨਾਲ ਸੰਪਰਕ ਭਾਸ਼ਾ ਹਿੰਦੀ ਅਤੇ ਕੌਮਾਂਤਰੀ ਸੰਪਰਕ ਭਾਸ਼ਾ ਅੰਗਰੇਜ਼ੀ ਦੇ ਨਾਲ-ਨਾਲ ਮੁਲਕ ਦੀਆਂ ਹੋਰਨਾਂ ਭਾਸ਼ਾਵਾਂ ਦਾ ਲੋਡ਼ੀਂਦਾ ਪ੍ਰਚਾਰ ਪਾਸਾਰ ਵੀ ਹੋ ਸਕੇਗਾ।

Bharat Thapa

This news is Content Editor Bharat Thapa