ਸਿਹਤ ਵਿਭਾਗ ਦੀ ਟੀਮ ਨੇ ਪਨੀਰ-ਖੋਇਆ ਤਿਆਰ ਕਰਨ ਵਾਲੀਅਾਂ ਦੁਕਾਨਾਂ ’ਤੇ ਕੀਤੀ ਛਾਪੇਮਾਰੀ

08/20/2018 1:44:34 AM

ਫਾਜ਼ਿਲਕਾ, (ਨਾਗਪਾਲ, ਲੀਲਾਧਰ)– ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਟੀਮ ਵੱਲੋਂ ਅੱਜ ਫਾਜ਼ਿਲਕਾ ਸ਼ਹਿਰ ’ਚ ਪਨੀਰ, ਖੋਇਆ ਤਿਆਰ ਕਰਨ ਵਾਲੀਆਂ ਦੁਕਾਨਾਂ ਤੇ ਡੇਅਰੀਆਂ ’ਤੇ ਛਾਪੇਮਾਰੀ ਕਰ ਕੇ ਲਗਭਗ 237 ਕਿਲੋ ਪਨੀਰ, 17 ਕਿਲੋ ਖੋਇਆ ਅਤੇ 24 ਕਿਲੋ ਸਕਿਮਡ ਮਿਲਕ ਪਾਊਡਰ ਆਪਣੇ ਕਬਜ਼ੇ ’ਚ ਲੈ ਕੇ ਸੈਂਪਲ ਭਰੇ ਗਏ ਹਨ। 
 ਸਿਵਲ ਸਰਜਨ ਦਫਤਰ ’ਚ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਾਜ਼ਿਲਕਾ ਡਾ. ਹੰਸ ਰਾਜ ਮਲੇਠੀਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਅੱਜ ਸਵੇਰੇ ਲਗਭਗ ਸਾਢੇ 5 ਵਜੇ ਸਿਹਤ ਵਿਭਾਗ ਦੀ ਟੀਮ, ਜਿਸ ’ਚ ਅਸਿਸਟੈਂਟ ਕਮਿਸ਼ਨਰ ਫੂਡ ਕਮਲਪ੍ਰੀਤ ਸਿੰਘ, ਫੂਡ ਸੇਫਟੀ ਅਫਸਰ ਮੈਡਮ ਗਗਨਦੀਪ ਕੌਰ ਅਤੇ ਹੋਰ ਕਰਮਚਾਰੀ ਹਾਜ਼ਰ ਸਨ, ਨੇ ਫਾਜ਼ਿਲਕਾ ਸ਼ਹਿਰ ’ਚ ਪਨੀਰ ਅਤੇ ਖੋਇਆ ਤਿਆਰ ਕਰਨ ਵਾਲੀਆਂ ਦੁਕਾਨਾਂ ’ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ  ਸ੍ਰੀ ਬਾਲਾ ਜੀ ਧਾਮ ਦੇ ਸਾਹਮਣੇ ਸੋਮ ਡੇਅਰੀ ਤੋਂ ਲਗਭਗ 130 ਕਿਲੋ ਪਨੀਰ ਤੇ 10 ਕਿਲੋ ਖੋਇਆ, ਰਾਧਾ ਸੁਆਮੀ ਕਾਲੋਨੀ ਸਥਿਤ ਦੀਪਕ ਪਨੀਰ ਭੰਡਾਰ ਤੋਂ 65.5 ਕਿਲੋ ਪਨੀਰ ਤੇ 7 ਕਿਲੋ ਖੋਇਆ ਅਤੇ ਸਥਾਨਕ ਗਾਂਧੀ ਚੌਕ ਸਥਿਤ ਦੀਪਕ ਪਨੀਰ ਭੰਡਾਰ ਤੋਂ 42 ਕਿਲੋ ਪਨੀਰ ਤੇ 24 ਕਿਲੋ ਸਕਿਮਡ ਮਿਲਕ ਪਾਊਡਰ ਆਪਣੇ ਕਬਜ਼ੇ ’ਚ ਲੈ ਕੇ ਸੀਲ ਕੀਤਾ ਗਿਆ ਹੈ ਤੇ ਉਸ ਦੇ ਸੈਂਪਲ ਭਰੇ ਗਏ।  
  ਡਾ. ਮਲੇਠੀਆ ਨੇ ਦੱਸਿਆ ਕਿ ਛਾਪੇਮਾਰੀ ਦੌਰਾਨ ਫਡ਼ੇ ਗਏ ਪਨੀਰ, ਖੋਇਆ ਅਤੇ ਸਕਿਮਡ ਮਿਲਕ ਪਾਊਡਰ ਦੇ ਸੈਂਪਲ ਅਗਲੀ ਜਾਂਚ ਲਈ ਖਰਡ਼ ਲੈਬ  ’ਚ ਭੇਜੇ ਜਾਣਗੇ।  ਵੈਸੇ ਤਾਂ ਫਡ਼ੇ ਗਏ ਪਨੀਰ ਤੇ ਖੋਏ ਦੇ ਸੈਂਪਲਾਂ ਦੀ ਰਿਪੋਰਟ 14 ਦਿਨਾਂ ਬਾਅਦ ਆਉਂਦੀ ਹੈ ਪਰ ਅੱਜ ਫਡ਼ੇ ਗਏ ਪਨੀਰ ਤੇ ਖੋਏ ਦੀ ਰਿਪੋਰਟ ਅਗਲੇ 24 ਘੰਟਿਆਂ ’ਚ ਮੰਗਾਈ ਜਾਵੇਗੀ। ਜੇਕਰ ਉਕਤ ਰਿਪੋਰਟ ’ਚ ਪਨੀਰ ਤੇ ਖੋਇਆ ਨਕਲੀ ਪਾਇਆ ਜਾਂਦਾ ਹੈ ਤਾਂ ਉਕਤ ਪਨੀਰ ਹਾਊਸ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜੁਰਮਾਨਾ ਕਰਨ ਦਾ ਅਧਿਕਾਰ ਕੋਰਟ ਜਾਂ ਏ. ਡੀ. ਸੀ. ਨੂੰ ਹੁੰਦਾ ਹੈ, ਇਸ ਲਈ ਉਹ ਹੀ ਤੈਅ ਕਰਨਗੇ ਕਿ ਕਿੰਨਾ ਜੁਰਮਾਨਾ ਕੀਤਾ ਜਾਣਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ  ਰਾਧਾ ਸਵਾਮੀ ਕਾਲੋਨੀ ਤੋਂ ਜਿਸ ਦੀਪਕ ਪਨੀਰ ਹਾਊਸ ਤੋਂ ਪਨੀਰ ਤੇ ਖੋਇਆ ਫਡ਼ਿਆ ਗਿਆ ਹੈ, ਉਸ ਦੇ ਮਾਲਕ ਨੂੰ 2 ਪਹਿਲਾਂ  ਵੀ ਜੁਰਮਾਨਾ ਹੋ ਚੁੱਕਾ ਤੇ ਉਕਤ ਪਨੀਰ ਹਾਊਸ ਤੋਂ ਇਹ ਲਗਾਤਾਰ ਤੀਸਰੇ ਵਾਰ ਸੈਂਪਲ ਲਏ ਗਏ ਹਨ। 
ਕੀ ਕਹਿੰਦੇ ਨੇ ਅਸਿਸਟੈਂਟ ਕਮਿਸ਼ਨਰ ਫੂਡ ਤੇ ਫੂਡ ਸੇਫਟੀ ਅਫਸਰ
 ਜਾਣਕਾਰੀ ਦਿੰਦਿਆਂ ਅਸਿਸਟੈਂਟ ਕਮਿਸ਼ਨਰ ਫੂਡ ਕਮਲਪ੍ਰੀਤ ਸਿੰਘ ਅਤੇ ਫੂਡ ਸੇਫਟੀ ਅਫਸਰ ਗਗਨਦੀਪ ਕੌਰ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਲੋਕਾਂ ਵੱਲੋਂ ਸ਼ਿਕਾਇਤ ਮਿਲ ਰਹੀ ਸੀ ਕਿ ਕੁਝ ਪਨੀਰ ਵਾਲੇ 160 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮਾਰਕੀਟ ’ਚ ਪਨੀਰ ਵੇਚ ਰਹੇ ਹਨ, ਜਿਸ ਦੇ ਆਧਾਰ ’ਤੇ ਹੀ ਅੱਜ ਇਹ ਛਾਪੇਮਾਰੀ ਕੀਤੀ ਗਈ ਹੈ ਅਤੇ ਸੈਂਪਲ ਭਰੇ ਗਏ ਹਨ।  ਇਸ ਹਫਤੇ ਦੌਰਾਨ ਲਗਭਗ 27 ਥਾਵਾਂ ਤੋਂ ਸੈਂਪਲ ਭਰੇ ਗਏ ਹਨ। ਉਨ੍ਹਾਂ ਦੱਸਿਆ ਕਿ  ਐਤਵਾਰ ਤੱਕ ਇਕ ਹਫਤਾ ਵਿਸ਼ੇਸ਼ ਛਾਪੇਮਾਰੀ ਕੀਤੀ ਜਾਵੇਗੀ।