3 ਵਿਭਾਗਾਂ ਦੀ ਸਖ਼ਤੀ ਮਗਰੋਂ ਅੰਡਰ ਗਰਾਊਂਡ ਹੋਇਆ ਰੇਲਵੇ ਸਟੇਸ਼ਨ ਦਾ ਟੈਕਸ ਮਾਫ਼ੀਆ, ਰੋਕਿਆ ‘2 ਨੰਬਰੀ’ ਮਾਲ

10/17/2022 10:51:17 AM

ਅੰਮ੍ਰਿਤਸਰ (ਨੀਰਜ) - ਰੇਲਵੇ ਸਟੇਸ਼ਨ ਦੇ ਟੈਕਸ ਮਾਫ਼ੀਆ ’ਤੇ ਜ਼ਿਲ੍ਹਾ ਪ੍ਰਸਾਸ਼ਨ, ਸੀ.ਜੀ. ਐੱਸ.ਟੀ., ਜੀ.ਐੱਸ.ਟੀ. ਅਤੇ ਹੋਰ ਵਿਭਾਗਾਂ ਵਲੋਂ ਕੀਤੀ ਗਈ ਸਖ਼ਤੀ ਦੇ ਬਾਅਦ ਟੈਕਸ ਮਾਫ਼ੀਆ ਅੰਡਰ ਗਰਾਊਂਡ ਹੋ ਗਿਆ ਹੈ। ਆਉਣ ਵਾਲੇ ਦਿਨਾਂ ’ਚ ਪੁਲਸ ਦਾ ਸਪੈਸ਼ਲ ਵਿੰਗ ਵੀ ਟੈਕਸ ਮਾਫ਼ੀਆ ਦੇ ਖ਼ਿਲਾਫ਼ ਕਾਰਵਾਈ ਕਰ ਸਕਦਾ ਹੈ, ਕਿਉਂਕਿ ਦਿੱਲੀ ਤੋਂ ਆਉਣ ਵਾਲੀਆ ਗੱਡੀਆਂ ਦੀਆਂ ਬੋਗੀਆਂ ’ਚ ਪਾਬੰਦੀਸ਼ੁਦਾ ਤੰਬਾਕੂ ਆ ਰਿਹਾ ਹੈ। ਇਸ ਮਾਮਲੇ ’ਚ ਉਨ੍ਹਾਂ ਕਾਰੋਬਾਰੀਆਂ ਨੂੰ ਵੀ ਟਰੇਸ ਕੀਤਾ ਜਾਣਾ ਜ਼ਰੂਰੀ ਹੈ, ਜੋ ਆਪਣੇ ਨਿੱਜੀ ਫ਼ਾਇਦੇ ਲਈ ਲੋਕਾਂ ਦੀਆਂ ਜਾਨਾਂ ਨਾਲ ਖੇਡ ਰਹੇ ਹਨ। ਜਾਣਕਾਰੀ ਅਨੁਸਾਰ ਟੈਕਸ ਮਾਫ਼ੀਆ ਗਿਰੋਹ ਨੇ ਦਿੱਲੀ ਤੋਂ ਅੰਮ੍ਰਿਤਸਰ ਜਾਣ ਵਾਲੇ ਬਿਨ੍ਹਾ ਬਿੱਲ ਦੋ ਨੰਬਰੀ ਮਾਲ ਨੂੰ ਫਿਲਹਾਲ ਦਿੱਲੀ ’ਚ ਹੀ ਰੋਕ ਦਿੱਤਾ ਹੈ, ਕਿਉਂਕਿ ਟੈਕਸ ਮਾਫ਼ੀਆ ਨੂੰ ਇਸਦੀ ਸੂਚਨਾ ਮਿਲੀ ਚੁੱਕੀ ਹੈ ਕਿ ਕੁਝ ਵਿਭਾਗ ਦੋ ਨੰਬਰੀ ਮਾਲ ’ਤੇ ਕਾਰਵਾਈ ਕਰਨ ਲਈ ਤਿਆਰ ਹਨ। ਤਿਉਹਾਰਾਂ ਦੇ ਸੀਜ਼ਨ ’ਚ ਟੈਕਸ ਮਾਫ਼ੀਆ ਪੂਰੀ ਤਰ੍ਹਾਂ ਸਰਗਰਮ ਹੋ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ : ਗੈਂਗਸਟਰ ਲੰਡਾ ਨੇ ਲਈ ਤਰਨਤਾਰਨ ਦੇ ਕੱਪੜਾ ਵਪਾਰੀ ਦੇ ਕਤਲ ਦੀ ਜ਼ਿੰਮੇਵਾਰੀ, ਨਾਲ ਹੀ ਦਿੱਤੀ ਇਹ ਧਮਕੀ

ਚੋਰ ਰਸਤਿਆ ਦੀ ਹੋ ਚੁੱਕੀ ਹੈ ਰੈਕੀ
ਟੈਕਸ ਮਾਫ਼ੀਆ ’ਤੇ ਸ਼ਿਕੰਜਾ ਕੱਸਣ ਲਈ ਇਸ ਵਾਰ ਕੁਝ ਵਿਭਾਗਾਂ ਨੇ ਉਨ੍ਹਾਂ ਚੋਰ ਰਸਤਿਆ ਦੀ ਰੈਕੀ ਵੀ ਕਰ ਲਈ ਹੈ, ਜਿਨ੍ਹਾਂ ਦਾ ਰੇਲਵੇ ਸਟੇਸ਼ਨ ਦੇ ਟੈਕਸ ਮਾਫ਼ੀਆ ਨਾਲ ਸਿੱਧਾ ਸੰਬੰਧ ਹੈ। ਰੇਲਵੇ ਸਟੇਸ਼ਨ ’ਤੇ ਪੁੱਜਣ ਵਾਲੇ ਦੋ ਨੰਬਰੀ ਮਾਲ ਨੂੰ ਸਟੇਸ਼ਨ ਦੇ ਆਲੇ-ਦੁਆਲੇ ਦੇ ਕੁਝ ਚੋਰਾਂ ਰਸਤਿਆਂ ਤੋਂ ਕੱਢਿਆ ਜਾਂਦਾ ਹੈ ਅਤੇ ਇਸ ਲਈ ਕੋਈ ਨਿਸ਼ਚਿਤ ਸਮਾਂ ਨਹੀਂ ਹੈ। ਜਦੋਂ ਵੀ ਟੈਕਸ ਮਾਫ਼ੀਆ ਨੂੰ ਮੌਕਾ ਮਿਲਦਾ ਹੈ, ਚਾਹੇ ਦਿਨ ਵੇਲੇ ਜਾਂ ਰਾਤ ਨੂੰ ਮੌਕਾ ਮਿਲੇ, ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ।

ਸਰਕਾਰ ਨੂੰ ਟੈਕਸ ਅਦਾ ਕਰਨ ਵਾਲੇ ਵਪਾਰੀਆਂ ਨੂੰ ਹੁੰਦੈ ਨੁਕਸਾਨ
ਆਮ ਤੌਰ ’ਤੇ ਈਮਾਨਦਾਰੀ ਨਾਲ ਸਰਕਾਰ ਨੂੰ ਟੈਕਸ ਭਰਨ ਵਾਲੇ ਵਪਾਰੀਆਂ ਨੂੰ ਰੇਲਵੇ ਸਟੇਸ਼ਨ ਦੇ ਟੈਕਸ ਮਾਫ਼ੀਆ ਤੋਂ ਕਾਫ਼ੀ ਨੁਕਸਾਨ ਝੱਲਣਾ ਪੈ ਰਿਹਾ ਹੈ। ਜਿਹੜੇ ਲੋਕ ਟੈਕਸ ਮਾਫ਼ੀਆ ਰਾਹੀਂ ਬਿੱਲਾਂ ਤੋਂ ਬਿਨਾਂ ਸਾਮਾਨ ਮੰਗਵਾਉਂਦੇ ਹਨ, ਉਹ ਈਮਾਨਦਾਰੀ ਨਾਲ ਕੰਮ ਕਰਨ ਵਾਲੇ ਵਪਾਰੀਆਂ ਦੀ ਤੁਲਨਾ ’ਚ ਘੱਟ ਰੇਟਾਂ ’ਤੇ ਆਪਣਾ ਸਾਮਾਨ ਵੇਚਦੇ ਹਨ, ਜਿਸ ਨਾਲ ਟੈਕਸ ਅਦਾ ਕਰਨ ਵਾਲੇ ਵਪਾਰੀਆਂ ਨੂੰ ਨੁਕਸਾਨ ਹੋ ਰਿਹਾ ਹੈ। ਇਸ ਸੰਬੰਧੀ ਵੱਖ-ਵੱਖ ਵਪਾਰਿਕ ਸੰਗਠਨਾਂ ਵਲੋਂ ਸਰਕਾਰ ਨੂੰ ਕਈ ਵਾਰ ਲਿਖਤੀ ਮੰਗ ਪੱਤਰ ਦਿੱਤਾ ਜਾ ਚੁੱਕਾ ਹੈ ਅਤੇ ਟੈਕਸ ਮਾਫ਼ੀਆ ’ਤੇ ਸ਼ਿਕੰਜਾ ਕੱਸਣ ਦੀ ਮੰਗ ਕੀਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ : ਬਠਿੰਡਾ ਮਗਰੋਂ ਗੁਰਦਾਸਪੁਰ ਦੇ ਇਸ ਕਸਬੇ ਦੀਆਂ ਹੱਦਾਂ ’ਤੇ ਲੱਗੇ ਨਸ਼ੇ ਸੰਬੰਧੀ ਬੋਰਡ, ਕਿਹਾ ਬਣਾਵਾਂਗੇ 'ਬੰਦੇ ਦਾ ਪੁੱਤ’

ਟੈਕਸ ਮਾਫ਼ੀਆ ਖ਼ਿਲਾਫ਼ ਰੇਲਵੇ ਵੀ ਪ੍ਰਸ਼ਾਸਨ ਦੇ ਨਾਲ
ਟੈਕਸ ਮਾਫ਼ੀਆ ਗਿਰੋਹ ਦੀ ਜਾਣਕਾਰੀ ਹਾਸਿਲ ਕਰਨ ਲਈ ਪ੍ਰਸਾਸ਼ਨ ਤੇ ਹੋਰ ਵਿਭਾਗਾਂ ਵੱਲੋਂ ਰੇਲਵੇ ਨਾਲ ਸੰਪਰਕ ਕੀਤਾ ਗਿਆ ਸੀ ਤੇ ਰੇਲਵੇ ਵੀ ਪ੍ਰਸ਼ਾਸਨ ਦਾ ਸਾਥ ਦੇਣ ਲਈ ਤਿਆਰ ਹੋ ਗਿਆ ਹੈ। ਦੋ ਨੰਬਰੀ ਸਾਮਾਨ ਲਿਜਾਣ ਲਈ ਕਿਰਾਏ ‘ਤੇ ਬੋਗੀਆਂ ਬੁੱਕ ਕਰਨ ਵਾਲੇ ਲੋਕਾਂ ਦੀ ਡਿਟੇਲ ਕੱਢੀ ਜਾ ਰਹੀ ਹੈ ਤਾਂਕਿ ਕਾਨੂਨੀ ਰੂਪ ਤੋਂ ਟੈਕਸ ਮਾਫ਼ੀਆ ਖ਼ਿਲਾਫ਼ ਸ਼ਿਕੰਜਾ ਕੱਸਿਆ ਜਾ ਸਕੇ।

ਟੈਕਸ ਮਾਫ਼ੀਆ ਖ਼ਿਲਾਫ਼ ‘ਆਪ’ ਦੀ ਚੁੱਪੀ ਵੱਡਾ ਸਵਾਲ
ਭਾਵੇਂ ਪਿਛਲੀ ਗੱਠਜੋੜ ਸਰਕਾਰ ਅਤੇ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਟੈਕਸ ਮਾਫ਼ੀਆ ਨਿਡਰ ਹੋ ਕੇ ਕੰਮ ਕਰਦਾ ਰਿਹਾ ਹੈ ਅਤੇ ਸਰਕਾਰ ਨੂੰ ਟੈਕਸਾਂ ਦਾ ਚੂਨਾ ਲੱਗਦਾ ਰਿਹਾ ਹੈ। ਈਮਾਨਦਾਰੀ ਦੀ ਦੁਹਾਈ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਸਮੇਂ ਟੈਕਸ ਮਾਫ਼ੀਆ ਦੇ ਹੌਂਸਲੇ ਬੁਲੰਦ ਹਨ ਅਤੇ ਮੌਜੂਦਾ ਸਰਕਾਰ ਦੇ ਅਹੁਦੇਦਾਰਾਂ ਦੀ ਟੈਕਸ ਮਾਫ਼ੀਆ ’ਤੇ ਚੁੱਪੀ ਧਾਰਨਾ ਇੱਕ ਵੱਡਾ ਸਵਾਲ ਖੜ੍ਹੇ ਕਰ ਰਹੀ ਹੈ।

ਪੜ੍ਹੋ ਇਹ ਵੀ ਖ਼ਬਰ : ਪਾਕਿ ਡਰੋਨਾਂ ਰਾਹੀਂ ਪੰਜਾਬ ’ਚ ਪੁੱਜੇ ਵਿਦੇਸ਼ੀ ਹਥਿਆਰ ਦੇ ਰਹੇ ਨੇ ਖ਼ਤਰਨਾਕ ਸੰਕੇਤ, ਵਾਪਰ ਸਕਦੀ ਹੈ ਕੋਈ ਵਾਰਦਾਤ

ਟੈਕਸ ਚੋਰੀ ਦੀ ਖੇਡ ’ਚ ਗੈਂਗਸਟਰ ਦੀ ਵੀ ਹੋ ਚੁੱਕੀ ਹੈ ਐਂਟਰੀ
ਸੱਤ ਤੋਂ ਅੱਠ ਵਿਅਕਤੀਆਂ ਦਾ ਇੱਕ ਗਿਰੋਹ ਪਿਛਲੇ ਕਈ ਸਾਲਾਂ ਤੋਂ ਟੈਕਸ ਚੋਰੀ ਦੀ ਖੇਡ ਖੇਡਦਾ ਆ ਰਿਹਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਟੈਕਸ ਚੋਰੀ ਦੀ ਖੇਡ ’ਚ ਗੈਂਗਸਟਰਾਂ ਦੀ ਵੀ ਐਂਟਰੀ ਹੋ ਚੁੱਕੀ ਹੈ, ਜੋ ਆਉਣ ਵਾਲੇ ਦਿਨਾਂ ’ਚ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਸਕਦਾ ਹਨ।
 

rajwinder kaur

This news is Content Editor rajwinder kaur