ਦੁਕਾਨਦਾਰਾਂ ਵੱਲੋਂ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ

06/27/2017 2:23:16 AM

ਬਟਾਲਾ,   (ਬੇਰੀ)-  ਡੇਰਾ ਬਾਬਾ ਨਾਨਕ ਰੋਡ 'ਤੇ ਸਥਿਤ ਰੇਲਵੇ ਫਾਟਕ ਉਪਰੋਂ ਲੰਘਦੀਆਂ ਰੇਲਵੇ ਓਵਰਬ੍ਰਿਜ ਦੀਆਂ ਬੰਦ ਪਈਆਂ ਲਾਈਟਾਂ ਦਾ ਮਾਮਲਾ ਉਸ ਵੇਲੇ ਗਰਮਾ ਗਿਆ, ਜਦੋਂ ਡੇਰਾ ਰੋਡ ਤੇ ਅਲੀਵਾਲ ਰੋਡ ਦੇ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਵਿਰੁੱਧ ਨਾਅਰੇਬਾਜ਼ੀ ਕਰਦਿਆਂ ਆਪਣੇ ਦਿਲ ਦੀ ਖੁੱਲ੍ਹ ਕੇ ਭੜਾਸ ਕੱਢੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕੋਸਿਆ। 
ਡੇਰਾ ਰੋਡ ਤੇ ਅਲੀਵਾਲ ਰੋਡ ਦੇ ਦੁਕਾਨਦਾਰਾਂ ਪ੍ਰੇਮ ਭੱਲਾ, ਯੋਗਾ ਸਿੰਘ, ਡਾ. ਰਜੇਸ਼ ਬੇਦੀ, ਸੋਨੂੰ ਰੈਡੀਮੇਡ, ਮਨਮੋਹਨ ਭੱਲਾ, ਮਸਤ ਰਾਮ, ਮੇਲਾ ਰਾਮ, ਮਹਾਜਨ ਘੜੀਆਂ ਵਾਲੇ, ਜਗੀਰ ਮਸੀਹ, ਸੋਨੀ, ਬਲਦੇਵ ਰਾਜ, ਰਮੇਸ਼ ਕਰਿਆਨੇ ਵਾਲੇ ਆਦਿ ਨੇ ਰੋਸ ਪ੍ਰਗਟਾਉਂਦਿਆਂ ਕਿਹਾ ਕਿ ਨਗਰ ਕੌਂਸਲ ਦੀ ਹੱਦ 'ਚ ਬਣੇ ਰੇਲਵੇ ਓਵਰਬ੍ਰਿਜ 'ਤੇ ਨਗਰ ਕੌਂਸਲ ਵੱਲੋਂ ਫਲੱਡ ਲਾਈਟਾਂ ਲਾਈਆਂ ਗਈਆਂ ਸਨ ਤਾਂ ਜੋ ਰਾਤ-ਬਰਾਤੇ ਇਥੋਂ ਲੰਘਣ ਵਾਲੇ ਲੋਕ ਕਿਸੇ ਵੀ ਤਰ੍ਹਾਂ ਦੇ ਹਾਦਸੇ ਦਾ ਸ਼ਿਕਾਰ ਨਾ ਹੋ ਸਕਣ ਪਰ ਇਹ ਲਾਈਟਾਂ ਕੁਝ ਦਿਨ ਤੱਕ ਹੀ ਜਗੀਆਂ ਪਰ ਬਾਅਦ 'ਚ ਇਹ ਲਾਈਟਾਂ ਬੰਦ ਹੋ ਕੇ ਰਹਿ ਗਈਆਂ ਤੇ ਅੱਜ ਲੰਬਾ ਅਰਸਾ ਬੀਤ ਜਾਣ ਦੇ ਬਾਵਜੂਦ ਇਹ ਲਾਈਟਾਂ ਨਹੀਂ ਜਗ ਸਕੀਆਂ, ਜਿਸ ਕਾਰਨ ਰੋਜ਼ਾਨਾ ਰਾਤ-ਬਰਾਤੇ ਇਥੋਂ ਪੈਦਲ ਲੰਘਣ ਵਾਲਿਆਂ ਲਈ ਭਾਰੀ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਇਥੋਂ ਪੁਲ ਤੋਂ ਲੰਘਣ ਵਾਲਿਆਂ ਦੇ ਮਨਾਂ 'ਚ ਇਹ ਵੀ ਡਰ ਰਹਿੰਦਾ ਹੈ ਕਿ ਕਿਤੇ ਉਨ੍ਹਾਂ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰ ਜਾਵੇ। ਉਕਤ ਦੁਕਾਨਦਾਰਾਂ ਨੇ ਅੱਗੇ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਲਿਖਤੀ ਪੱਤਰ ਭੇਜ ਕੇ ਵੀ ਜਾਣੂ ਕਰਵਾਇਆ ਗਿਆ ਸੀ ਪਰ ਅੱਜ ਤੱਕ ਇਸ ਪਾਸੇ ਕੋਈ ਧਿਆਨ ਨਾ ਦਿੱਤੇ ਜਾਣ ਦੇ ਰੋਸ ਵਜੋਂ ਅੱਜ ਉਨ੍ਹਾਂ ਨੂੰ ਨਾਅਰੇਬਾਜ਼ੀ ਕਰਨ ਲਈ ਮਜਬੂਰ ਹੋਣਾ ਪਿਆ। ਦੁਕਾਨਦਾਰਾਂ ਮੰਗ ਕੀਤੀ ਕਿ ਓਵਰਬ੍ਰਿਜ 'ਤੇ ਲੱਗੀਆਂ ਸਟਰੀਟ ਲਾਈਟਾਂ ਇਕ ਹਫਤੇ 'ਚ ਠੀਕ ਕਰਵਾਈਆਂ ਜਾਣ ਨਹੀਂ ਤਾਂ ਸਮੂਹ ਦੁਕਾਨਦਾਰ ਨਗਰ ਕੌਂਸਲ ਬਟਾਲਾ ਦੇ ਦਫਤਰ ਦਾ ਘਿਰਾਓ ਕਰਨਗੇ, ਜਿਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਹੋਵੇਗੀ। 
ਕੀ ਕਹਿਣਾ ਹੈ ਨਗਰ ਕੌਂਸਲ ਪ੍ਰਧਾਨ ਦਾ?:
ਉਕਤ ਮਾਮਲੇ ਸਬੰਧੀ ਨਗਰ ਕੌਂਸਲ ਦੇ ਪ੍ਰਧਾਨ ਨਰੇਸ਼ ਮਹਾਜਨ ਨੇ ਦੱਸਿਆ ਕਿ ਬੰਦ ਪਈਆਂ ਲਾਈਟਾਂ ਨੂੰ ਸਬੰਧਿਤ ਠੇਕੇਦਾਰ ਨੂੰ ਕਹਿ ਕੇ ਜਲਦ ਠੀਕ ਕਰਵਾ ਦਿੱਤਾ ਜਾਵੇਗਾ। ਡੇਰਾ ਰੋਡ ਅਤੇ ਅਲੀਵਾਲ ਰੋਡ ਦੇ ਦੁਕਾਨਦਾਰਾਂ ਨੂੰ ਜਲਦ ਹੀ ਹਨੇਰੇ ਤੋਂ ਰਾਹਤ ਦਿੱਤੀ ਜਾਵੇਗੀ।