ਸੂਬਾ ਸਰਕਾਰਾਂ ਦੇ ਤਾਲਮੇਲ ਨਾਲ ਸਪੈਸ਼ਲ ਰੇਲਗੱਡੀਆਂ ਚਲਾਉਣ ਦੀ ਤਿਆਰੀ ਵਿਚ ਰੇਲ ਵਿਭਾਗ

05/02/2020 2:37:05 PM

ਫਿਰੋਜ਼ਪੁਰ(ਮਲਹੋਤਰਾ) - ਲਾਕਡਾਊਨ ਦੇ ਕਾਰਨ ਆਪਣੇ ਘਰਾਂ ਤੋਂ ਦੂਰ ਫਸੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਤੱਕ ਪਹੁੰਚਾਉਣ ਦੇ ਲਈ ਰੇਲ ਵਿਭਾਗ ਜਲਦ ਸਪੈਸ਼ਲ ਰੇਲਗੱਡੀਆਂ ਚਲਾਉਣ ਜਾ ਰਿਹਾ ਹੈ। ਉੱਤਰ ਰੇਲਵੇ ਹੈਡਕੁਆਟਰ ਦੇ ਬੁਲਾਰੇ ਨੇ ਦੱਸਿਆ ਕਿ ਰੇਲ ਮੰਤਰਾਲੇ ਦੇ ਕਾਰਜਕਾਰੀ ਨਿਰਦੇਸ਼ਕ ਰਜੇਸ਼ ਦੱਤ ਵਾਜਪਾਈ ਨੇ ਵਿਸ਼ਵ ਮਜ਼ਦੂਰ ਦਿਹਾੜੇ ਤੇ ਨਿਰਦੇਸ਼ ਜਾਰੀ ਕੀਤੇ ਹਨ ਕਿ ਜਿੱਥੇ ਰੇਲ ਵਿਭਾਗ ਪੂਰੇ ਦੇਸ਼ ਵਿਚ ਲਾਕਡਾਊਨ ਵਿਚ ਜਰੂਰੀ ਵਸਤੂਆਂ ਦੀ ਸਪਲਾਈ ਯਕੀਨੀ ਬਣਾ ਰਿਹਾ ਹੈ। ਉਥੇ ਸੂਬਾ ਸਰਕਾਰਾਂ ਦੇ ਨਾਲ ਤਾਲਮੇਲ ਸਥਾਪਤ ਕਰਕੇ ਉਨ੍ਹਾਂ  ਲੋਕਾਂ ਲਈ ਵਿਸ਼ੇਸ਼ ਰੇਲਗੱਡੀਆਂ ਚਲਾਈਆਂ ਜਾਣ ਜੋ ਲਾਕਡਾਉਨ ਦੇ ਕਾਰਨ ਵੱਖ ਵੱਖ ਰਾਜਾਂ ਜਾਂ ਸ਼ਹਿਰਾਂ ਵਿਚ ਫਸੇ ਹੋਏ ਹਨ ਅਤੇ ਆਪਣੇ ਘਰਾਂ ਤੋਂ ਦੂਰ ਹਨ।

ਇਸ ਸਹੂਲਤ ਦਾ ਲਾਭ ਮਜ਼ਦੂਰਾਂ, ਟੂਰਿਜ਼ਟਾਂ ਤੇ ਸ਼ਰਧਾਲੂਆਂ ਨੂੰ ਮਿਲੇਗਾ। ਵਿਭਾਗ ਬੁਲਾਰੇ ਅਨੁਸਾਰ ਇਸ ਸਕੀਮ ਦੇ ਅਧੀਨ ਰੇਲ ਵਿਭਾਗ ਅਤੇ ਸੂਬਾ ਸਰਕਾਰਾਂ ਉਚ ਅਧਿਕਾਰੀਆਂ ਅਤੇ ਨੋਡਲ ਅਧਿਕਾਰੀਆਂ ਨੂੰ ਨਿਯੁਕਤ ਕਰਨਗੀਆਂ। ਜੋ ਇਨਾਂ ਰੇਲਗੱਡੀਆਂ ਰਾਹੀਂ ਆਉਣ ਜਾਣ ਵਾਲੇ ਮੁਸਾਫਰਾਂ ਦੇ ਮੈਡੀਕਲ ਟੈਸਟ ਅਤੇ ਹੋਰ ਸਹੂਲਤਾਂ ਮੁਹੱਈਆ ਕਰਵਾਉਣਗੇ। ਜੋ ਮੁਸਾਫਰ ਇਸ ਸਕੀਮ ਦਾ ਲਾਭ ਉਠਾਉਣ ਚਾਹੁੰਦਾ ਹੈ, ਉਨ੍ਹਾਂ ਦੀ ਸੰਬੰਧਤ ਸੂਬਾ ਸਰਕਾਰ ਵੱਲੋਂ ਪੂਰੀ ਸਕਰੀਨਿੰਗ ਤੇ ਮੈਡੀਕਲ ਟੈਸਟ ਕੀਤਾ ਜਾਵੇਗਾ ਅਤੇ ਉਸ ਵਿਚ ਕੋਰੋਨਾ ਵਾਇਰਸ ਵਰਗਾ ਕੋਈ ਲੱਛਣ ਮਿਲਣ ਤੇ ਉਸ ਨੂੰ ਯਾਤਰਾ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ। ਪਹੁੰਚ ਸਥਾਨਾਂ ਤੇ ਵੀ ਸੰਬੰਧਤ ਰਾਜ ਸਰਕਾਰਾਂ ਵੱਲੋਂ ਲੋਕਾਂ ਨੂੰ ਉਨਾਂ ਦੇ ਘਰਾਂ ਤੱਕ ਛੱਡਣ ਲਈ ਬੱਸਾਂ ਦਾ ਪ੍ਰਬੰਧ ਕਰਨਾ ਹੋਵੇਗਾ। ਸਾਰੇ ਮੁਸਾਫਰਾਂ ਨੂੰ ਫੇਸ ਮਾਸਕ ਪਾਉਣਾ ਜ਼ਰੂਰੀ ਹੋਵੇਗਾ ਜਦੋਂਕਿ ਉਨ੍ਹਾਂ ਨੂੰ ਭੋਜਨ ਉਪਲੱਬਧ ਕਰਵਾਉਣ ਦੀ ਜਿੰਮੇਵਾਰੀ ਉਸ ਰਾਜ ਸਰਕਾਰ ਦੀ ਹੋਵੇਗੀ ਜਿੱਥੋਂ ਉਹ ਜਾ ਰਿਹਾ ਹੈ। ਲੰਬੇ ਰੂਟ ਵਿਚ ਰੇਲਵੇ ਵੱਲੋਂ ਭੋਜਨ ਉਪਲੱਬਧ ਕਰਵਾਇਆ ਜਾਵੇਗਾ। ਪਹੁੰਚ ਵਾਲੇ ਸਥਾਨ ਤੇ ਸੰਬੰਧਤ ਰਾਜ ਸਰਕਾਰ ਵੱਲੋਂ ਮੁਸਾਫਰ ਦੀ ਸਕਰੀਨਿੰਗ, ਕਵਾਰਨਟਾਈਨ ਤੇ ਹੋਰ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਰੇਲ ਮੰਡਲ ਫਿਰੋਜ਼ਪੁਰ ਦੇ ਪ੍ਰਬੰਧਕ ਰਜੇਸ਼ ਅਗਰਵਾਲ ਨੇ ਦੱਸਿਆ ਕਿ ਰੇਲ ਮੰਤਰਾਲੇ ਵੱਲੋਂ ਮਜ਼ਦੂਰ ਸਪੈਸ਼ਲ ਰੇਲਗੱਡੀਆਂ ਚਲਾਉਣ ਸੰਬੰਧੀ ਗਾਈਡਲਾਈਨਜ਼ ਜਰੂਰ ਮਿਲੀਆਂ ਹਨ ਪਰ ਇਹ ਗੱਡੀਆਂ ਕਦੋਂ ਚੱਲ ਰਹੀਆਂ ਹਨ, ਇਸ ਸਬੰਧੀ ਹਾਲੇ ਰੇਲਵੇ ਹੈਡਕੁਆਟਰ ਤੋਂ ਕੋਈ ਹੁਕਮ ਨਹੀਂ ਮਿਲੇ। ਜਿਵੇਂ ਹੀ ਮੰਡਲ ਦਫਤਰ ਨੂੰ  ਕੋਈ ਹੁਕਮ ਮਿਲਣਗੇ, ਉਸ ਦੇ ਅਨੁਸਾਰ ਰੇਲਗੱਡੀਆਂ ਚਲਾਉਣ ਦੀ ਤਿਆਰੀ ਕਰ ਲਈ ਜਾਵੇਗੀ।

Harinder Kaur

This news is Content Editor Harinder Kaur