ਸਿਹਤ ਵਿਭਾਗ ਵੱਲੋਂ ਪੇਠਾ ਤਿਆਰ ਕਰਨ ਵਾਲੀਆਂ ਫੈਕਟਰੀਆਂ ''ਤੇ ਛਾਪੇਮਾਰੀ

10/16/2017 6:51:21 AM

ਫਿਰੋਜ਼ਪੁਰ,(ਕੁਮਾਰ, ਮਨਦੀਪ)- ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਫਿਰੋਜ਼ਪੁਰ ਦੇ ਸਿਹਤ ਵਿਭਾਗ ਨੇ ਮਿਲਾਵਟਖੋਰੀ ਨੂੰ ਰੋਕਣ ਲਈ ਜ਼ਿਲਾ ਸਿਹਤ ਅਧਿਕਾਰੀ ਫਿਰੋਜ਼ਪੁਰ ਡਾ. ਰਜਿੰਦਰ ਮਨਚੰਦਾ ਦੀ ਅਗਵਾਈ ਹੇਠ ਮੁਹਿੰਮ ਚਲਾਈ ਹੋਈ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਿਰੋਜ਼ਪੁਰ ਡਾ. ਗੁਰਮਿੰਦਰ ਸਿੰਘ ਨੇ ਦੱਸਿਆ ਕਿ ਫੂਡ ਇੰਸਪੈਕਟਰ ਮਨਜਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਸਿਹਤ ਵਿਭਾਗ ਦੀ ਟੀਮ ਵੱਲੋਂ ਸ਼ਾਂਤੀ ਨਗਰ ਫਿਰੋਜ਼ਪੁਰ ਸ਼ਹਿਰ ਦੇ ਇਲਾਕੇ ਵਿਚ ਇਕ ਪੇਠਾ ਤਿਆਰ ਕਰਨ ਵਾਲੀ ਫੈਕਟਰੀ 'ਤੇ ਛਾਪੇਮਾਰੀ ਦੌਰਾਨ ਕਰੀਬ 3-4 ਕੁਇੰਟਲ ਪੇਠਾ ਸੀਲ ਕਰ ਕੇ ਇਸ ਦੇ ਸੈਂਪਲ ਭਰੇ ਗਏ ਹਨ। 
ਫੜੇ ਗਏ ਪੇਠੇ ਨੂੰ ਛੋਲਿਆਂ ਤੋਂ ਤਿਆਰ ਕੀਤਾ ਜਾ ਰਿਹਾ ਸੀ ਅਤੇ ਇਹ ਪੇਠਾ ਖਾਣ ਨਾਲ ਲੋਕਾਂ ਦੀ ਸਿਹਤ 'ਤੇ ਬੁਰਾ ਅਸਰ ਪੈ ਸਕਦਾ ਸੀ। ਫੂਡ ਇੰਸਪੈਕਟਰ ਮਨਜਿੰਦਰ ਸਿੰਘ ਨੇ ਦੱਸਿਆ ਕਿ ਸੈਂਪਲ ਦਾ ਨਤੀਜਾ ਆਉਣ ਤੱਕ ਇਹ ਪੇਠਾ ਸੀਲ ਰੱਖਿਆ ਜਾਵੇਗਾ। ਮਿੱਠਾ ਪੇਠਾ ਤਿਆਰ ਕਰਨ ਲਈ ਉਸ ਵਿਚ ਛੋਲਿਆਂ ਦੀ ਵਰਤੋਂ ਕਰਨਾ ਸਰਾਸਰ ਗਲਤ ਹੈ, ਜੇਕਰ ਸੈਂਪਲ ਫੇਲ ਆਉਂਦਾ ਹੈ ਤਾਂ ਪੇਠਾ ਤਿਆਰ ਕਰਨੀ ਵਾਲੀ ਫੈਕਟਰੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜ਼ਿਲਾ ਫਿਰੋਜ਼ਪੁਰ 'ਚ ਮਿਲਾਵਟੀ ਅਤੇ ਘਟੀਆ ਮਠਿਆਈ ਵੇਚਣ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਦੀ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਦੂਸਰੇ ਪਾਸੇ ਪੇਠਾ ਤਿਆਰ ਕਰਨ ਵਾਲੀ ਇਸ ਫੈਕਟਰੀ ਦੇ ਮਾਲਕ ਨੇ ਦੱਸਿਆ ਕਿ ਪੇਠਾ ਤਿਆਰ ਕਰਨ ਤੋਂ ਪਹਿਲਾਂ ਇਸ ਨੂੰ ਕਈ ਵਾਰ ਘੋਲਿਆ ਜਾਂਦਾ ਹੈ, ਜਿਸ ਨਾਲ ਪੇਠੇ 'ਚੋਂ ਸਾਰੇ ਛੋਲੇ ਨਿਕਲ ਜਾਂਦੇ ਹਨ, ਜਿਸ ਨਾਲ ਪੇਠਾ ਖਾਣ ਨਾਲ ਸਿਹਤ 'ਤੇ ਬੁਰਾ ਅਸਰ ਬਿਲਕੁਲ ਨਹੀਂ ਪੈਂਦਾ।