ਹਲਕਾ ਪੱਟੀ ਦੀ ਜਨਤਾ ਹਰ ਸਹੂਲਤ ਤੋਂ ਵਾਂਝੀ : ਘੁੱਲਾ ਬਲ੍ਹੇਰ

04/26/2018 6:40:10 AM

ਭਿੱਖੀਵਿੰਡ/ਖਾਲੜਾ,  (ਸੁਖਚੈਨ, ਅਮਨ)-  ਕਾਂਗਰਸ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨਾਲ ਧੋਖਾ ਹੀ ਕੀਤਾ ਹੈ ਅਤੇ ਜਨਤਾ ਹਰ ਸਹੂਲਤ ਤੋਂ ਵਾਂਝੀ ਹੈ, ਜਿਸ ਕਰ ਕੇ ਪੰਜਾਬ ਦੀ ਜਨਤਾ 'ਚ ਹਾਹਾਕਾਰ ਮਚੀ ਹੋਈ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੈਬਨਿਟ ਮੰਤਰੀ ਪੰਜਾਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੇ ਸਿਆਸੀ ਸਕੱਤਰ ਗਰਮੁੱਖ ਸਿੰਘ ਘੁੱਲਾ ਬਲ੍ਹੇਰ ਨੇ ਆਪਣੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। 
ਉਨ੍ਹਾਂ ਕਿਹਾ ਕਿ ਵਿਧਾਨ ਸਭਾ ਹਲਕਾ ਪੱਟੀ ਅੰਦਰ ਕਿਸੇ ਵੀ ਪਿੰਡ ਵਿਚ ਕੋਈ ਵਿਕਾਸ ਕੰਮ ਨਹੀਂ ਹੋ ਰਿਹਾ ਅਤੇ ਹਲਕੇ ਦੀ ਜਨਤਾ ਨੂੰ ਗੁੰਮਰਾਹ ਕਰਨ ਲਈ ਬਸ ਬਿਆਨਬਾਜ਼ੀ ਹੀ ਵਿਕਾਸ ਦੇ ਕੰਮ 'ਤੇ ਕੀਤੀ ਜਾ ਰਹੀ ਹੈ। ਹਲਕੇ ਅੰਦਰ ਜਨਤਾ ਹਰ ਸਹੂਲਤ ਤੋਂ ਵਾਂਝੀ ਹੋ ਗਈ ਹੈ, ਜਿਸ ਦਿਨ ਦੀ ਕਾਂਗਰਸ ਪਾਰਟੀ ਦੀ ਸਰਕਾਰ ਅਤੇ ਪੱਟੀ ਹਲਕੇ ਦੀ ਵਾਗਡੋਰ ਕਾਂਗਰਸੀ ਵਿਧਾਇਕ ਦੇ ਹੱਥ ਆਈ ਹੈ। ਉਨ੍ਹਾਂ ਕਿਹਾ ਕਿ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਵੱਲੋਂ ਹਲਕੇ ਅੰਦਰ ਜਿੰਨੇ ਵੀ ਵਿਕਾਸ ਕੰਮ ਸ਼ੁਰੂ ਕੀਤੇ ਸਨ, ਉਨ੍ਹਾਂ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ।