ਰਸਤੇ ''ਚ ਨਾਲੀਆਂ ਦਾ ਗੰਦਾ ਪਾਣੀ ਖੜ੍ਹਨ ਨਾਲ ਲੋਕ ਪ੍ਰੇਸ਼ਾਨ

08/05/2017 1:08:05 AM

ਭੂੰਗਾ, (ਭਟੋਆ)- ਹੁਸ਼ਿਆਰਪੁਰ-ਦਸੂਹਾ ਰੋਡ 'ਤੇ ਐੱਸ. ਬੀ. ਆਈ. ਫਾਂਬੜਾ-ਭੂੰਗਾ ਕੋਲ ਪਾਣੀ ਦਾ ਨਿਕਾਸ ਰੁਕਣ ਨਾਲ ਕਈ ਸਾਲਾਂ ਤੋਂ ਨਾਲੀਆਂ ਦਾ ਗੰਦਾ ਪਾਣੀ ਖੜ੍ਹਨ ਨਾਲ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਬੱਚਿਆਂ ਅਤੇ ਲੋਕਾਂ ਨੂੰ ਇਸ ਗੰਦੇ ਪਾਣੀ ਵਿਚੋਂ ਦੀ ਲੰਘਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਸਰਕਾਰਾਂ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡ ਦੇ ਵਿਕਾਸ ਲਈ ਲੱਖਾਂ ਰੁਪਏ ਦੀਆਂ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਰਹੀਆਂ ਹਨ ਤਾਂਕਿ ਪਿੰਡਾਂ ਨੂੰ ਸ਼ਹਿਰਾਂ ਵਰਗਾ ਬਣਾਇਆ ਜਾ ਸਕੇ। ਪਰ ਵਿਕਾਸ ਦੇ ਕੀਤੇ ਕੰਮ ਸਾਰੇ ਫਿੱਕੇ ਪੈ ਜਾਂਦੇ ਹਨ, ਜਦੋਂ ਸਫਾਈ ਵੱਲ ਧਿਆਨ ਨਾ ਦਿੱਤਾ ਜਾਵੇ। ਜੇਕਰ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਚੰਗੀ ਤਰ੍ਹਾਂ ਸਫਾਈ ਕਰਵਾਈ ਜਾਵੇ ਤਾਂ ਪਿੰਡਾਂ ਦੀ ਨੁਹਾਰ ਬਦਲ ਸਕਦੀ ਹੈ। 
ਮਿਲੀ ਜਾਣਕਾਰੀ ਅਨੁਸਾਰ ਪਿੰਡ ਫਾਂਬੜਾ ਦੇ ਮੁਹੱਲੇ 'ਚ ਗੰਦਾ ਪਾਣੀ ਖੜ੍ਹਨ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਫੈਲਣ ਦਾ ਖਤਰਾ ਮੰਡਰਾਅ ਰਿਹਾ ਹੈ। ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪ੍ਰਦੀਪ ਕੁਮਾਰ ਕਾਲਾ ਅਤੇ ਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਪੰਜ ਸਾਲ ਹੋ ਗਏ ਹਨ ਨਾਲੀਆਂ ਟੁੱਟੀਆਂ ਨੂੰ, ਇਕ ਵਾਰ ਵੀ ਸਫਾਈ ਨਹੀਂ ਕਰਵਾਈ ਗਈ, ਜਿਸ ਨਾਲ ਅੱਗੋਂ ਨਾਲੀ ਨੂੰ ਘਾਹ-ਬੂਟੀ ਨੇ ਘੇਰਾ ਪਾ ਰੱਖਿਆ ਹੈ ਅਤੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਇਸ ਸਬੰਧੀ  ਗ੍ਰਾਮ ਪੰਚਾਇਤ ਫਾਂਬੜਾ ਦੇ ਸਰਪੰਚ ਕੁਲਜਿੰਦਰ ਸਿੰਘ ਦੇ ਧਿਆਨ ਵਿਚ ਕਈ ਵਾਰ ਮਾਮਲਾ ਲਿਆ ਚੁੱਕੇ ਹਾਂ ਪਰ ਇਸ ਸਮੱਸਿਆ ਦਾ ਅਜੇ ਤੱਕ ਕੋਈ ਹੱਲ ਨਹੀਂ ਨਿਕਲਿਆ। ਆਖਿਰ ਅੱਜ ਸਾਨੂੰ ਆਪ ਹੀ ਜੰਮੀ ਘਾਹ-ਬੂਟੀ ਦੀ ਸਫਾਈ ਕਰਨ ਨੂੰ ਮਜਬੂਰ ਹੋਣਾ ਪਿਆ ਹੈ। ਉਨ੍ਹਾਂ ਸਰਕਾਰ ਤੇ ਬੀ. ਡੀ. ਪੀ. ਓ. ਭੂੰਗਾ ਤੋਂ ਮੰਗ ਕੀਤੀ ਕਿ ਗੰਦੇ ਪਾਣੀ ਦੇ ਨਿਕਾਸ ਲਈ ਹਰ ਮਹੀਨੇ ਨਾਲੀ ਦੀ ਸਫਾਈ ਕਰਵਾਉਣ ਅਤੇ ਪਾਣੀ ਦੇ ਨਿਕਾਸ ਲਈ ਸੀਵਰੇਜ ਪਾਇਆ ਜਾਵੇ। ਲੋਕਾਂ ਦੀ ਸਮੱਸਿਆ ਨੂੰ ਸਮਝਦੇ ਹੋਏ ਉਨ੍ਹਾਂ ਨੂੰ ਇਸ ਪ੍ਰੇਸ਼ਾਨੀ ਤੋਂ ਛੁਟਕਾਰਾ ਦਿਵਾਉਣਾ ਚਾਹੀਦਾ ਹੈ। 
ਇਸ ਮੌਕੇ ਗੁਰਦੇਵ ਲਾਲ, ਜਗਦੇਵ ਸਿੰਘ, ਰਜਿੰਦਰ ਸਿੰਘ, ਰੋਹਿਤ, ਪ੍ਰਵੀਨ ਕੁਮਾਰ, ਸੁਰਜੀਤ ਸਿੰਘ, ਆਸ਼ਾ ਰਾਣੀ, ਵਿਜੇ ਕੁਮਾਰ, ਜਸਵੀਰ ਕੌਰ, ਸੁਖਵੀਰ ਸਿੰਘ, ਮਨਜੀਤ ਸਿੰਘ ਆਦਿ ਹਾਜ਼ਰ ਸਨ। ਇਸ ਸਬੰਧੀ ਪਿੰਡ ਫਾਂਬੜਾ ਦੇ ਸਰਪੰਚ ਕੁਲਜਿੰਦਰ ਸਿੰਘ ਘੁੰਮਣ ਨਾਲ ਫੋਨ 'ਤੇ ਵਾਰ-ਵਾਰ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਦਾ ਫੋਨ ਆਊਟ ਆਫ ਰੇਂਜ ਆ ਰਿਹਾ ਸੀ।