ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਨੇ ਮੰਗਾਂ ਸਬੰਧੀ ਕੀਤੀ ਨਾਅਰੇਬਾਜ਼ੀ

05/03/2018 2:02:24 AM

ਪਠਾਨਕੋਟ,  (ਸ਼ਾਰਦਾ)- ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਐਂਡ ਟਰਾਂਸਮਿਸ਼ਨ ਕਾਰਪੋਰੇਸ਼ਨ ਲਿਮ. ਸ਼ਹਿਰੀ ਅਤੇ ਦਿਹਾਤੀ ਮੰਡਲ ਯੂਨਿਟਾਂ ਨਾਲ ਸਬੰਧਤ ਪੈਨਸ਼ਨਰਾਂ ਨੇ ਮੰਗਾਂ ਨੂੰ ਲੈ ਕੇ ਢਾਂਗੂ ਰੋਡ ਬਿਜਲੀ ਘਰ ਵਿਚ ਕਰਨੈਲ ਸਿੰਘ ਦੀ ਅਗਵਾਈ ਹੇਠ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਸਰਕਲ ਕਮੇਟੀ ਪਾਵਰਕਾਮ ਦੇ ਪੈਨਸ਼ਨਰਾਂ ਦੇ ਨੇਤਾ ਵਿਕਰਮਜੀਤ ਵਿਸ਼ੇਸ਼ ਤੌਰ ਹਾਜ਼ਰ ਹੋਏ। ਪ੍ਰਦਰਸ਼ਨਕਾਰੀ ਕਨਵੀਨਰ ਫੌਜਾ ਸਿੰਘ ਗਿੱਲ, ਬਚਨ ਦਾਸ, ਠਾਕੁਰ ਤੇਜਬੀਰ ਸਿੰਘ, ਵਿਜੇ ਸ਼ਰਮਾ, ਗਿਆਨ ਸਿੰਘ, ਬਖਸ਼ੀਸ਼ ਸਿੰਘ, ਹੇਮੰਤ ਸਿੰਘ, ਦਰਬਾਰਾ ਸਿੰਘ, ਸੁਰਜੀਤ ਸਿੰਘ, ਪ੍ਰੀਤਮ ਸਿੰਘ, ਵਿਜੇ ਕੁਮਾਰ ਮਹਾਜਨ ਆਦਿ ਨੇ ਰੋਸ ਪ੍ਰਗਟ ਕਰਦਿਆਂ ਦੱਸਿਆ ਕਿ ਮੰਗਾਂ ਦੇ ਸਬੰਧ ਵਿਚ 7 ਮਾਰਚ ਨੂੰ ਹੈੱਡ ਆਫਿਸ ਪਟਿਆਲਾ ਵਿਚ ਦਿੱਤੇ ਗਏ ਬੇ-ਮਿਸਾਲ ਧਰਨੇ ਤੋਂ ਬਾਅਦ ਵੀ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੇ ਕੋਈ ਉਸਾਰੂ ਕਾਰਵਾਈ ਨਹੀਂ ਕੀਤੀ। ਮੰਗਾਂ ਦੀ ਪ੍ਰਾਪਤੀ ਲਈ ਸੰਘਰਸ਼ ਆਰੰਭ ਕੀਤਾ ਗਿਆ ਹੈ, ਜਿਸ ਦੇ ਪਹਿਲੇ ਪੜਾਅ ਵਜੋਂ ਪੰਜਾਬ ਵਿਚ ਸਾਰੇ ਮੰਤਰੀਆਂ ਦੇ ਹਲਕਿਆਂ ਵਿਚ ਧਰਨੇ ਮਾਰੇ ਜਾਣਗੇ, ਜਿਸ ਵਿਚ ਨਜ਼ਦੀਕੀ ਜ਼ਿਲਿਆਂ ਦੇ ਪੈਨਸ਼ਨਰਜ਼ ਸ਼ਮੂਲੀਅਤ ਕਰਨਗੇ।  ਪਠਾਨਕੋਟ ਅਤੇ ਗੁਰਦਾਸਪੁਰ ਵਿਚ ਪਹਿਲਾਂ ਹੋਏ ਫੈਸਲੇ ਅਨੁਸਾਰ 19 ਮਈ ਨੂੰ ਕਾਦੀਆਂ ਵਿਚ ਬਿਜਲੀ ਘਰ ਵਿਚ ਰੈਲੀ ਕਰ ਕੇ ਉਥੇ ਸਬੰਧਤ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਮੰਗ- ਪੱਤਰ ਦਿੱਤਾ ਜਾਵੇਗਾ ਅਤੇ 26 ਮਈ ਨੂੰ ਦੀਨਾਨਗਰ ਵਿਚ ਰੈਲੀ ਕਰ ਕੇ ਮੰਤਰੀ ਅਰੁਣਾ ਚੌਧਰੀ ਨੂੰ ਮੰਗਾਂ ਸਬੰਧੀ ਮੰਗ-ਪੱਤਰ ਦਿੱਤਾ ਜਾਵੇਗਾ। 
ਇਨ੍ਹਾਂ ਦੋਵਾਂ ਹਲਕਿਆਂ ਵਿਚ ਪਾਵਰ ਕਾਰਪੋਰੇਸ਼ਨ ਦੇ ਪੈਨਸ਼ਨਰਜ਼ ਅੰਮ੍ਰਿਤਸਰ, ਤਰਨਤਾਰਨ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ ਅਤੇ ਗੁਰਦਾਸਪੁਰ, ਧਾਰ ਕਲਾਂ ਤੋਂ ਵੱਡੀ ਗਿਣਤੀ ਵਿਚ ਪੁੱਜ ਕੇ 11 ਤੋਂ 2 ਵਜੇ ਤੱਕ ਰੈਲੀ ਕਰ ਕੇ ਮੰਗ-ਪੱਤਰ ਮੰਤਰੀ ਨੂੰ ਦੇਣਗੇ।