ਮਾਲਕ ਦੇ ਜਾਣਕਾਰ ਨੇ ਕੀਤਾ ਟਰੈਕਟਰ-ਟਰਾਲੀ ਚਾਲਕ ਸੁਰਜੀਤ ਸਿੰਘ ਦਾ ਕਤਲ

10/19/2017 6:36:06 AM

ਕਪੂਰਥਲਾ, (ਭੂਸ਼ਣ)- ਥਾਣਾ ਕੋਤਵਾਲੀ ਕਪੂਰਥਲਾ ਦੀ ਪੁਲਸ ਨੇ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲਝਾਉਂਦੇ ਹੋਏ ਮੁਲਜ਼ਮ ਨੂੰ ਖੋਹੇ ਗਏ ਟਰੈਕਟਰ-ਟਰਾਲੀ ਸਮੇਤ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਵਿਅਕਤੀ ਦਾ ਇਕ ਸਤੰਬਰ ਦੀ ਰਾਤ ਨੂੰ ਕਤਲ ਕਰ ਦਿੱਤਾ ਗਿਆ ਸੀ। ਜ਼ਿਲਾ ਪੁਲਸ ਲਾਈਨ ਪੱਤਰਕਾਰ ਸੰੰਮੇਲਨ ਨੂੰ ਸੰਬੋਧਨ ਕਰਦੇ ਹੋਏ ਐੱਸ. ਪੀ. ਡੀ. ਜਗਜੀਤ ਸਿੰਘ ਸਰੋਆ ਨੇ ਦੱਸਿਆ ਕਿ ਸੁਰਜੀਤ ਸਿੰਘ ਉਰਫ ਸੋਨੂੰ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਡੋਗਰਾਵਾਲ ਕਪੂਰਥਲਾ ਸ਼ਹਿਰ ਦੇ ਅਜੀਤ ਨਗਰ ਨਿਵਾਸੀ ਇਕ ਵਿਅਕਤੀ ਦੀ ਟਰੈਕਟਰ-ਟਰਾਲੀ ਚਲਾਉਂਦਾ ਸੀ ਅਤੇ ਹਰ ਰੋਜ਼ ਮਖੂ ਖੇਤਰ 'ਚ ਪੈਂਦੀ ਇਕ ਸਰਕਾਰੀ ਰੇਤ ਦੀ ਖੱਡ ਤੋਂ ਰੇਤ ਲਿਆ ਕੇ ਕਪੂਰਥਲਾ 'ਚ ਸਪਲਾਈ ਕਰਦਾ ਸੀ। 
ਇਸ ਦੌਰਾਨ ਆਪਣੇ ਮਾਲਕ ਦੇ ਕਹਿਣ 'ਤੇ 31 ਅਗਸਤ, 2017 ਨੂੰ ਸੁਰਜੀਤ ਰੇਤ ਲੈਣ ਲਈ ਮਖੂ ਖੇਤਰ 'ਚ ਗਿਆ ਸੀ ਪਰ ਮੀਂਹ ਪੈਣ ਕਾਰਨ ਉਹ ਰੇਤ ਨਹੀਂ ਲਿਆ ਪਾਇਆ ਸੀ, ਜਿਸ ਦੌਰਾਨ ਉਸ ਨੇ ਟਰੈਕਟਰ-ਟਰਾਲੀ ਆਪਣੇ ਮਾਲਕ ਦੇ ਮਖੂ ਵਾਸੀ ਜਾਣ ਕੇ ਵਿਅਕਤੀ ਦੇ ਕੋਲ ਛੱਡ ਦਿੱਤੀ ਤੇ ਖੁਦ ਇਕ ਕਲੀਨ ਸ਼ੇਵ ਵਿਅਕਤੀ ਨਾਲ 31 ਅਗਸਤ ਦੀ ਰਾਤ ਨੂੰ ਆਟੋ ਰਿਕਸ਼ਾ 'ਤੇ ਆਪਣੇ ਪਿੰਡ ਆ ਗਿਆ ਸੀ ਅਤੇ ਦੂਜੇ ਦਿਨ ਆਪਣੇ ਨਾਲ ਆਏ ਵਿਅਕਤੀ ਦੇ ਕੋਲ ਰੇਤ ਲਿਆਉਣ ਲਈ ਵਾਪਸ ਮਖੂ ਖੇਤਰ 'ਚ ਚਲਾ ਗਿਆ ਸੀ ਪਰ ਉਸ ਦੇ ਬਾਅਦ ਸੁਰਜੀਤ ਸਿੰਘ ਉਰਫ ਸੋਨੂ ਲਾਪਤਾ ਹੋ ਗਿਆ ਅਤੇ ਉਸ ਦੇ ਘਰ ਵਾਲਿਆਂ ਨੇ ਉਸ ਨੂੰ ਮਖੂ ਮੋਗਾ ਜਾ ਕੇ ਕਾਫ਼ੀ ਲੱਭਿਆ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ, ਜਿਸ ਨੂੰ ਲੈ ਕੇ ਸੁਰਜੀਤ ਦੇ ਭਰਾ ਮੋਨਾ ਸਿੰਘ ਨੇ ਥਾਣਾ ਕੋਤਵਾਲੀ ਦੀ ਪੁਲਸ ਨੂੰ ਇਸ ਸਬੰਧੀ ਸ਼ਿਕਾਇਤ ਕਰਦੇ ਹੋਏ ਜਗਦੀਪ ਸਿੰਘ ਪੁੱਤਰ ਪ੍ਰਗਟ ਸਿੰਘ ਵਾਸੀ ਪਿੰਡ ਮੰਦਰ ਕਲਾਂ ਥਾਣਾ ਕੋਟ ਇਸੇ ਖਾਂ ਜ਼ਿਲਾ ਮੋਗਾ ਨੂੰ ਕਤਲ ਦਾ ਸ਼ੱਕ ਸਾਫ਼ ਕੀਤਾ।  
ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐੱਸ. ਐੱਸ. ਪੀ. ਸੰਦੀਪ ਸ਼ਰਮਾ ਨੇ ਡੀ. ਐੱਸ. ਪੀ. ਸਬ-ਡਵੀਜ਼ਨ ਸੰਦੀਪ ਸਿੰਘ ਮੰਡ ਦੀ ਅਗਵਾਈ 'ਚ ਇਕ ਵਿਸ਼ੇਸ਼ ਟੀਮ ਜਿਸ 'ਚ ਐੱਸ. ਐੱਚ. ਓ. ਕੋਤਵਾਲੀ ਇੰਸਪੈਕਟਰ ਹਰਗੁਰਦੇਵ ਸਿੰਘ ਸ਼ਾਮਲ ਸਨ, ਨੂੰ ਜਾਂਚ ਦੇ ਹੁਕਮ ਦਿੱਤੇ । ਟੀਮ ਨੇ ਸਰਟੀਫਿਕੇਟ ਤਰੀਕੇ ਨਾਲ ਪੂਰੇ ਮਾਮਲੇ ਦੀ ਜਾਂਚ ਦੌਰਾਨ ਪਾਇਆ ਕਿ ਮੁਲਜ਼ਮ ਜਗਦੀਪ ਸਿੰਘ ਨੇ ਟਰੈਕਟਰ-ਟਰਾਲੀ ਦੇ  ਲਾਲਚ 'ਚ 1 ਸਤੰਬਰ ਨੂੰ ਲੋਹੇ ਦੀ ਰਾਡ ਨਾਲ ਵਾਰ ਕਰ ਕੇ ਸੁਰਜੀਤ ਸਿੰਘ ਉਰਫ ਸੋਨੂੰ ਦਾ ਕਤਲ ਕਰ ਦਿੱਤਾ ਸੀ, ਜਿਸ ਦੇ ਬਾਅਦ ਉਸ ਨੇ ਸੁਰਜੀਤ ਸਿੰਘ ਉਰਫ ਸੋਨੂੰ ਦੀ ਲਾਸ਼ ਨੂੰ ਧੁੱਸੀ ਬੰਨ੍ਹ ਦੇ ਨਜ਼ਦੀਕ ਖੇਤਾਂ 'ਚ ਸੁੱਟ ਦਿੱਤੀ ਸੀ ਅਤੇ ਲੋਹੇ ਰਾਡ ਨੂੰ ਜ਼ਮੀਨ 'ਚ ਦਬਾ ਦਿੱਤਾ ਸੀ। 
ਥਾਣਾ ਕੋਤਵਾਲੀ ਕਪੂਰਥਲਾ ਦੇ ਐੱਸ. ਐੱਚ. ਓ. ਇੰਸਪੈਕਟਰ ਹਰਗੁਰਦੇਵ ਸਿੰਘ ਨੇ ਛਾਪਾਮਾਰੀ ਕਰ ਕੇ ਮੁਲਜ਼ਮ ਜਗਦੀਪ ਸਿੰਘ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ 'ਤੇ ਟਰੈਕਟਰ-ਟਰਾਲੀ ਅਤੇ ਜ਼ਮੀਨ 'ਚ ਦਬਾਈ ਗਈ ਲੋਹੇ ਦੀ ਰਾਡ ਬਰਾਮਦ ਕਰ ਲਈ। ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਕਈ ਸਨਸਨੀਖੇਜ਼ ਖੁਲਾਸੇ ਹੋਣ ਦੀ ਸੰਭਾਵਨਾ ਹੈ।