ਮੌਸਮ ਦੇ ਬਦਲਣ ਤੋਂ ਬਾਅਦ ਡੇਂਗੂ ਪੀੜਤਾਂ ਦੀ ਗਿਣਤੀ ''ਚ ਆਈ ਗਿਰਾਵਟ

11/20/2017 11:15:49 AM


ਮੋਗਾ (ਸੰਦੀਪ) - ਜ਼ਿਲੇ 'ਚ ਪਿਛਲੇ ਕਈ ਦਿਨਾਂ ਤੋਂ ਡੇਂਗੂ ਦਾ ਪ੍ਰਕੋਪ ਜਾਰੀ ਸੀ। ਰੋਜ਼ਾਨਾ ਜ਼ਿਲੇ ਦੇ ਵੱਖ-ਵੱਖ ਕਸਬਿਆਂ ਅਤੇ ਪਿੰਡਾਂ ਤੋਂ ਦਰਜਨਾਂ ਡੇਂਗੂ ਪੀੜਤਾਂ ਦੇ ਨਾਲ ਸ਼ੱਕੀ ਡੇਂਗੂ ਪੀੜਤ ਮਰੀਜ਼ਾਂ ਦੇ ਸਾਹਮਣੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਸੀ, ਜਿਸ ਨੂੰ ਦੇਖਦੇ ਹੋਏ ਸਿਹਤ ਵਿਭਾਗ ਵੱਲੋਂ ਅਜਿਹੇ ਮਰੀਜ਼ਾਂ ਦੀ ਜ਼ਿਲਾ ਪੱਧਰੀ ਹਸਪਤਾਲ ਦੇ ਬਲੱਡ ਬੈਂਕ 'ਚ ਮੁਫਤ ਟੈਸਟਾਂ ਅਤੇ ਮੈਡੀਕਲ ਵਾਰਡ ਵਿਚ ਮੁਫਤ ਇਲਾਜ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਪਿਛਲੇ ਦਿਨੀਂ ਹੋਈ ਬਾਰਿਸ਼ ਤੋਂ ਬਾਅਦ ਹੁਣ ਮੌਸਮ ਨੇ ਕਰਵਟ ਬਦਲ ਲਈ ਹੈ ਅਤੇ ਤਾਪਮਾਨ 'ਚ ਵੀ ਭਾਰੀ ਗਿਰਾਵਟ ਆਈ ਹੈ, ਜਿਸ ਕਰ ਕੇ ਹੁਣ ਡੇਂਗੂ ਦੇ ਮਰੀਜ਼ਾਂ 'ਚ ਕਾਫੀ ਕਮੀ ਆਈ ਹੈ ਪਰ ਫਿਰ ਵੀ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਇਸ ਸਬੰਧੀ ਅਜੇ ਵੀ ਅਲਰਟ ਰਹਿਣ ਅਤੇ ਅਜਿਹੇ ਮਰੀਜ਼ਾਂ ਦੇ ਇਲਾਜ ਲਈ ਕੀਤੇ ਗਏ ਪ੍ਰਬੰਧਾਂ ਨੂੰ ਪੁਖਤਾ ਢੰਗ ਨਾਲ ਰੱਖਣ ਦੀ ਅਪੀਲ ਕੀਤੀ। 

ਇਸ ਵਾਰ ਡੇਂਗੂ ਪੀੜਤਾਂ ਦਾ ਅੰਕੜਾ 500 ਦੇ ਕਰੀਬ 
ਪਿਛਲੇ ਲਗਭਗ 2 ਮਹੀਨਿਆਂ ਤੋਂ ਡੇਂਗੂ ਦਾ ਪ੍ਰਕੋਪ ਜਾਰੀ ਸੀ। ਸਿਹਤ ਵਿਭਾਗ ਦੇ ਅੰਕੜੇ ਅਨੁਸਾਰ ਜ਼ਿਲਾ ਪੱਧਰੀ ਸਿਵਲ ਹਸਪਤਾਲ ਦੇ ਬਲੱਡ ਬੈਂਕ 'ਚ ਸ਼ੱਕੀ ਪੀੜਤਾਂ ਦੇ ਬਲੱਡ ਸੈਂਪਲਾਂ ਦੀ ਜਾਂਚ ਉਪਰੰਤ 500 ਦੇ ਕਰੀਬ ਡੇਂਗੂ ਮਰੀਜ਼ ਸਾਹਮਣੇ ਆਏ ਹਨ ਪਰ ਪਿਛਲੇ ਦਿਨੀਂ ਸਰਕਾਰੀ ਤੌਰ 'ਤੇ ਕੀਤੇ ਗਏ ਸ਼ੱਕੀ ਮਰੀਜ਼ਾਂ ਦੇ ਟੈਸਟਾਂ ਦੇ ਅੰਕੜਿਆਂ ਨਾਲ ਤਾਪਮਾਨ 'ਚ ਗਿਰਾਵਟ ਆਉਣ ਨਾਲ ਮਰੀਜ਼ਾਂ ਦੀ ਗਿਣਤੀ 'ਚ ਕਾਫੀ ਗਿਰਾਵਟ ਆਉਣ ਦਾ ਖੁਲਾਸਾ ਹੋਇਆ ਹੈ। 

ਸਿਹਤ ਵਿਭਾਗ ਆਪਣੀ ਜ਼ਿੰਮੇਵਾਰੀ ਪ੍ਰਤੀ ਅਜੇ ਵੀ ਅਲਰਟ : ਐੱਸ. ਐੱਮ. ਓ.
ਇਸ ਸਬੰਧੀ ਗੱਲਬਾਤ ਕਰਦਿਆਂ ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਰਾਜੇਸ਼ ਅੱਤਰੀ ਅਨੁਸਾਰ ਬੇਸ਼ੱਕ ਤਾਪਮਾਨ 'ਚ ਗਿਰਾਵਟ ਆਉਣ ਨਾਲ ਬੇਸ਼ੱਕ ਡੇਂਗੂ 'ਤੇ ਕੁਝ ਹੱਦ ਤੱਕ ਰੋਕ ਲੱਗੀ ਹੋਈ ਹੈ ਪਰ ਫਿਰ ਵੀ ਸਿਹਤ ਵਿਭਾਗ ਪੂਰੀ ਤਰ੍ਹਾਂ ਆਪਣੀ ਜ਼ਿੰਮੇਵਾਰੀ ਪ੍ਰਤੀ ਅਲਰਟ ਹੈ। ਡੇਂਗੂ ਦੇ ਸ਼ੱਕੀ ਮਰੀਜ਼ਾਂ ਦੀ ਮੁਫਤ ਜਾਂਚ ਅਤੇ ਪੀੜਤਾਂ ਦਾ ਮੁਫਤ ਇਲਾਜ ਕਰਨ ਦੇ ਪ੍ਰਬੰਧ ਜਾਰੀ ਰਹਿਣਗੇ।

ਜ਼ਿਲਾ ਵਾਸੀਆਂ ਨੂੰ ਅਜੇ ਵੀ ਅਲਰਟ ਰਹਿਣ ਦੀ ਜ਼ਰੂਰਤ : ਸਿਵਲ ਸਰਜਨ
ਸਿਵਲ ਸਰਜਨ ਮੋਗਾ ਡਾ. ਮਨਜੀਤ ਸਿੰਘ ਨੇ ਜ਼ਿਲਾ ਵਾਸੀਆਂ ਨੂੰ ਅਜੇ ਵੀ ਡੇਂਗੂ ਦੇ ਪੂਰੀ ਤਰ੍ਹਾਂ ਕੰਟਰੋਲ ਹੋਣ ਤੱਕ ਪੂਰੀ ਤਰ੍ਹਾਂ ਅਲਰਟ ਰਹਿਣ ਦੀ ਹਦਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਸੀਜ਼ਨ 'ਚ ਕਿਸੇ ਵੀ ਡੇਂਗੂ ਪੀੜਤ ਦੀ ਮੌਤ ਨਹੀਂ ਹੋਈ ਹੈ ਅਤੇ ਸਿਵਲ ਹਸਪਤਾਲ ਦੇ ਮੈਡੀਕਲ ਸਪੈਸ਼ਲਿਸਟ ਮਾਹਿਰ ਡਾ. ਰਾਮੇਂਦਰ ਸ਼ਰਮਾ ਨੇ ਸਾਹਮਣੇ ਆਏ ਸਾਰੇ ਡੇਂਗੂ ਪੀੜਤਾਂ ਦਾ ਵਧੀਆ ਢੰਗ ਨਾਲ ਇਲਾਜ ਕੀਤਾ ਹੈ। ਸਿਹਤ ਵਿਭਾਗ ਕਿਸੇ ਵੀ ਖਤਰਨਾਕ ਬੀਮਾਰੀ ਸਬੰਧੀ ਪੈਦਾ ਹੋਈ ਗੰਭੀਰ ਸਥਿਤੀ ਦਾ ਸਾਹਮਣਾ ਕਰਨ ਲਈ ਹਮੇਸ਼ਾ ਤਿਆਰ ਹੈ।