ਮਾਮਲਾ ਪ੍ਰੀਖਿਆਰਥੀਆਂ ਤੋਂ ਪੈਸੇ ਵਸੂਲਣ ਦੇ ਦੋਸ਼ਾਂ ਦਾ, ਡਾ. ਚਰਨਜੀਤ ਕਰਨਗੇ ਜਾਂਚ

03/17/2018 5:02:27 PM


ਲੁਧਿਆਣਾ (ਵਿੱਕੀ) - ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਬਲਿਕ ਸਕੂਲ ਗਿਆਸਪੁਰਾ ਢੰਡਾਰੀ ਕਲਾਂ ਦੇ ਪਿੰ੍ਰਸੀਪਲ ਭੁਪਿੰਦਰ ਸਿੰਘ ਵੱਲੋਂ ਸਰਕਾਰੀ ਸਕੂਲ ਜਸਪਾਲ ਬਾਂਗੜ 'ਤੇ ਪ੍ਰੀਖਿਆਰਥੀਆਂ ਤੋਂ ਰਿਫਰੈਂਸ਼ਮੈਂਟ ਲਈ 70-70 ਰੁਪਏ ਮੰਗਣ ਦੇ ਲਾਏ ਦੋਸ਼ਾਂ ਦੀ ਜਾਂਚ ਦੇ ਆਦੇਸ਼ ਡੀ. ਈ. ਓ. ਸਵਰਨਜੀਤ ਕੌਰ ਨੇ ਦੇ ਦਿੱਤੇ ਹਨ। ਇਸ ਮੌਕੇ ਡੀ. ਈ. ਓ. ਨੇ ਡਿਪਟੀ ਡੀ. ਈ. ਓ. ਚਰਨਜੀਤ ਸਿੰਘ ਨੂੰ ਮਾਮਲੇ ਦੀ ਜਾਂਚ ਲਈ ਜਾਂਚ ਅਧਿਕਾਰੀ ਨਿਯੁਕਤ ਕੀਤਾ ਹੈ। ਡਾ. ਚਰਨਜੀਤ ਸਿੰਘ ਵੱਲੋਂ ਸ਼ਨੀਵਾਰ ਨੂੰ ਉਕਤ ਸਕੂਲ ਵੱਲੋਂ ਲਾਏ ਦੋਸ਼ਾਂ ਦੀ ਜਾਂਚ ਸ਼ੁਰੂ ਕੀਤੀ ਜਾਵੇਗੀ।
ਵਰਨਣਯੋਗ ਹੈ ਕਿ ਉਕਤ ਨਿੱਜੀ ਸਕੂਲ ਦਾ ਪ੍ਰੀਖਿਆ ਕੇਂਦਰ ਜਸਪਾਲ ਬਾਂਗੜ ਦੇ ਸਰਕਾਰੀ ਸਕੂਲ 'ਚ ਬਣਿਆ ਹੈ। ਨਿੱਜੀ ਸਕੂਲ ਦੇ ਪਿੰ੍ਰਸੀਪਲ ਨੇ ਸਰਕਾਰੀ ਸਕੂਲ 'ਤੇ ਉਨ੍ਹਾਂ ਦੇ ਪ੍ਰੀਖਿਆਰਥੀਆਂ ਤੋਂ ਪ੍ਰੀਖਿਆ ਕੇਂਦਰ 'ਚ ਡਿਊਟੀ ਸਟਾਫ ਦੀ ਰਿਫਰੈਂਸ਼ਮੈਂਟ ਲਈ 70-70 ਰੁਪਏ ਲੈਣ ਦਾ ਦੋਸ਼ ਲਾਇਆ ਹੈ। ਹਾਲਾਂਕਿ ਸਰਕਾਰੀ ਸਕੂਲ ਵੱਲੋਂ ਉਕਤ ਦੋਸ਼ਾਂ ਦਾ ਖੰਡਨ ਕੀਤਾ ਗਿਆ ਹੈ ਪਰ ਡਿਪਟੀ ਡੀ. ਈ. ਓ. ਵੱਲੋਂ ਸ਼ਨੀਵਾਰ ਨੂੰ ਸ਼ੁਰੂ ਕੀਤੀ ਜਾਣ ਵਾਲੀ ਜਾਂਚ ਦੇ ਬਾਅਦ ਹੀ ਪੂਰੇ ਮਾਮਲੇ ਤੋਂ ਪਰਦਾ ਚੁੱਕਿਆ ਜਾ ਸਕੇਗਾ। ਦੱਸ ਦੇਈਏ ਕਿ ਨਕਲ ਵਿਰੋਧੀ ਅਧਿਆਪਕ ਫਰੰਟ ਦੇ ਪ੍ਰਧਾਨ ਸੁਖਦਰਸ਼ਨ ਸਿੰਘ ਨੇ ਉਕਤ ਮਾਮਲੇ ਨੂੰ ਲੈ ਕੇ ਸਰਕਾਰੀ ਸਕੂਲ 'ਤੇ ਲੱਗੇ ਦੋਸ਼ਾਂ ਦੀ ਜਾਂਚ ਦੀ ਮੰਗ ਸੈਕਟਰੀ ਐਜੂਕੇਸ਼ਨ ਤੋਂ ਕੀਤੀ ਹੈ।