ਵਿਧਾਇਕਾਂ ਨੂੰ ਲੋਕਲ ਏਰੀਆ ਫੰਡ ਫਿਲਹਾਲ ਨਹੀਂ ਦਿੱਤਾ ਜਾ ਸਕਦਾ : ਅਮਰਿੰਦਰ

11/21/2017 7:05:46 AM

ਚੰਡੀਗੜ੍ਹ (ਪਰਾਸ਼ਰ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐੱਮ. ਐੱਲ. ਏਜ਼ ਵਲੋਂ ਐੱਮ. ਪੀਜ਼. ਦੀ ਤਰਜ਼ 'ਤੇ ਲੋਕਲ ਏਰੀਆ ਫੰਡ ਦਿੱਤੇ ਜਾਣ ਦੀ ਮੰਗ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਅੱਜ ਇੱਥੇ ਉਨ੍ਹਾਂ ਕਿਹਾ ਕਿ ਉਹ ਐੱਮ. ਐੱਲ. ਏਜ਼ ਦੀ ਇਸ ਮੰਗ ਨਾਲ ਸਹਿਮਤ ਹਨ ਪਰ ਪੰਜਾਬ ਦੀ ਮੌਜੂਦਾ ਮਾਲੀ ਹਾਲਤ ਇਸ ਨੂੰ ਸਵੀਕਾਰ ਕਰਨ ਦੀ ਇਜਾਜ਼ਤ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਭਵਿੱਖ 'ਚ ਜਦੋਂ ਮਾਲੀ ਹਾਲਤ ਸੁਧਰੇਗੀ ਤਾਂ ਇਸ 'ਤੇ ਜ਼ਰੂਰ ਵਿਚਾਰ ਕੀਤਾ ਜਾਏਗਾ। ਕੈ. ਅਮਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਵਿਧਾਇਕਾਂ ਲਈ ਆਯੋਜਿਤ ਕੀਤੀ ਗਈ 2 ਰੋਜ਼ਾ ਵਰਕਸ਼ਾਪ 'ਚ ਅਕਾਲੀਆਂ ਨੂੰ ਵੀ ਸ਼ਾਮਲ ਹੋਣਾ ਚਾਹੀਦਾ ਸੀ ਪਰ ਬੜੇ ਅਫਸੋਸ ਦੀ ਗੱਲ ਹੈ ਕਿ ਪਤਾ ਨਹੀਂ ਕਿਨ੍ਹਾਂ ਕਾਰਨਾਂ ਕਰਕੇ ਉਹ ਇਸ 'ਚ ਸ਼ਾਮਲ ਨਹੀਂ ਹੋਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਵਰਕਸ਼ਾਪ ਹਰੇਕ ਵਿਧਾਨ ਸਭਾ ਸੈਸ਼ਨ ਤੋਂ ਪਹਿਲਾਂ ਆਯੋਜਿਤ ਕੀਤੀ ਜਾਣੀ ਚਾਹੀਦੀ ਹੈ।