ਕਪੂਰ ਪਿੰਡ ''ਚ ਹੋਇਆ 36ਵੇਂ ਕਬੱਡੀ ਟੂਰਨਾਮੈਂਟ ਦਾ ਆਗਾਜ਼

02/23/2018 4:05:35 AM

ਜਲੰਧਰ (ਮਹੇਸ਼)- ਮੇਜ਼ਬਾਨ ਕਪੂਰ ਪਿੰਡ ਨੇ ਮਾਧੋਪੁਰ ਨੂੰ ਹਰਾ ਕੇ ਕਪੂਰ ਪਿੰਡ ਦੇ 36ਵੇਂ ਕਬੱਡੀ ਟੂਰਨਾਮੈਂਟ ਦੇ 40 ਕਿਲੋ ਨਿਰੋਲ ਪਿੰਡ ਪੱਧਰ ਖਿਤਾਬ 'ਤੇ ਆਪਣਾ ਕਬਜ਼ਾ ਕਰ ਲਿਆ ਹੈ। ਐੱਨ. ਆਰ. ਆਈਜ਼ 'ਚ ਪੰਜਾਬ ਦੀ ਮਾਂ ਖੇਡ ਕਬੱਡੀ ਦੇ ਪ੍ਰੇਮੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਟੂਰਨਾਮੈਂਟ ਦਾ ਆਗਾਜ਼ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਨਾਲ ਹੋਇਆ।
ਇਸ ਮੌਕੇ ਟੂਰਨਾਮੈਂਟ ਦੇ ਸਾਰੇ ਪ੍ਰਬੰਧਕ ਅਤੇ ਐੱਨ. ਆਰ. ਆਈਜ਼ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਬੱਡੀ ਖਿਡਾਰੀ ਮੌਜੂਦ ਸਨ। ਅੱਜ ਦੀਆਂ ਜੇਤੂ ਟੀਮਾਂ ਨੂੰ ਆਯੋਜਕਾਂ ਅਤੇ ਹੋਰਨਾਂ ਸ਼ਖ਼ਸੀਅਤਾਂ ਨੇ ਸਨਮਾਨਿਤ ਕੀਤਾ। ਵੀਰਵਾਰ ਨੂੰ ਕਬੱਡੀ 47 ਕਿਲੋ, 58 ਕਿਲੋ ਅਤੇ 75 ਕਿਲੋ ਭਾਰ ਵਰਗ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਖਿਡਾਰੀਆਂ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ, ਜਦਕਿ 23 ਫਰਵਰੀ ਨੂੰ ਆਖਰੀ ਦਿਨ ਕਬੱਡੀ ਕਲੱਬਾਂ ਦੇ ਮੁਕਾਬਲੇ ਵਿਸ਼ੇਸ਼ ਆਕਰਸ਼ਣ ਹੋਣਗੇ, ਜਿਸ ਵਿਚ ਪਹਿਲਾ ਇਨਾਮ 61 ਹਜ਼ਾਰ ਰੁਪਏ ਅਤੇ ਦੂਜਾ ਇਨਾਮ 51 ਹਜ਼ਾਰ ਰੁਪਏ ਦਿੱਤਾ ਜਾਵੇਗਾ। 
ਬੈਸਟ ਰੇਡਰ ਅਤੇ ਬੈਸਟ ਸਟਾਪਰ ਨੂੰ ਮੋਟਰਸਾਈਕਲ ਇਨਾਮ ਵਜੋਂ ਦਿੱਤੇ ਜਾਣਗੇ। 75 ਕਿਲੋ ਦੇ ਬਿਹਤਰੀਨ ਖਿਡਾਰੀਆਂ ਨੂੰ ਮੋਬਾਇਲ ਫੋਨ ਮਿਲਣਗੇ। ਟਰਾਲੀ ਬੈਕ ਮੁਕਾਬਲੇ ਵੀ ਟੂਰਨਾਮੈਂਟ ਵਿਚ ਕਰਵਾਏ ਜਾ ਰਹੇ ਹਨ।