ਪੇਂਡੂ ਮਜ਼ਦੂਰਾਂ ਨੇ ਵਰ੍ਹਦੇ ਮੀਂਹ ''ਚ ਕੱਢਿਆ ਜਥਾ ਮਾਰਚ

08/02/2017 7:14:41 AM

ਕਪੂਰਥਲਾ, (ਗੁਰਵਿੰਦਰ ਕੌਰ)- ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਪਿੰਡ ਸੈਫਲਾਬਾਦ ਵਿਖੇ ਬੇਜ਼ਮੀਨੇ ਦਲਿਤਾਂ ਨੂੰ ਉਨ੍ਹਾਂ ਦੇ ਹੱਕ ਦਿਵਾਉਣ ਲਈ 10 ਅਗਸਤ ਨੂੰ ਕਪੂਰਥਲਾ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਧਰਨੇ ਤੇ ਮੁਜ਼ਾਹਰੇ ਨੂੰ ਕਾਮਯਾਬ ਬਣਾਉਣ ਲਈ ਸ਼ੁਰੂ ਕੀਤੇ ਗਏ ਜਥਾ ਮਾਰਚ ਦੇ ਤਹਿਤ ਅੱਜ ਤੀਸਰੇ ਦਿਨ ਵੀ ਵਰ੍ਹਦੇ ਮੀਂਹ 'ਚ ਜਥਾ ਮਾਰਚ ਕੱਢਿਆ ਗਿਆ, ਜਿਹੜਾ ਕਿ ਪਿੰਡ ਬਾਜਾ, ਮੁੰਡੀ, ਮੁੰਡੀ ਛੰਨਾ, ਫੱਤੂਢੀਂਗਾ, ਖਾਨਪੁਰ, ਦੇਸਲ, ਫੈਜਲਾਬਾਦ, ਸੈਫਲਾਬਾਦ, ਘਣੀਏ ਕੇ ਬਾਂਗਰ, ਸੁਰਖਪੁਰ ਤੋਂ ਹੁੰਦਾ ਹੋਇਆ ਪਿੰਡ ਭੰਡਾਲ ਬੇਟ ਵਿਖੇ ਸਮਾਪਤ ਹੋਇਆ। 
ਇਸ ਦੌਰਾਨ ਵੱਖ-ਵੱਖ ਪਿੰਡਾਂ 'ਚ ਭਰਵੀਆਂ ਰੈਲੀਆਂ ਵੀ ਕੀਤੀਆਂ ਗਈਆਂ। ਇਸ ਮੌਕੇ ਮਜ਼ਦੂਰਾਂ ਨੇ ਆਪਣੀਆਂ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਭੁੱਲਰ ਤੇ ਸੂਬਾ ਆਗੂ ਕਸ਼ਮੀਰ ਸਿੰਘ ਘੁੱਗਸ਼ੋਰ ਨੇ ਕਿਹਾ ਕਿ ਸਿਵਲ ਤੇ ਪੁਲਸ-ਪ੍ਰਸ਼ਾਸਨ ਵਲੋਂ ਕਥਿਤ ਤੌਰ 'ਤੇ ਸਿਆਸੀ ਦਬਾਅ ਹੇਠ ਪੇਂਡੂ ਚੌਧਰੀਆਂ ਤੇ ਧਨਾਢਾਂ ਦੇ ਇਸ਼ਾਰੇ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨ 'ਚ ਪਲਾਟ ਦਾ ਹੱਕ ਲੈਣ ਲਈ ਬੈਠੇ ਕਿਰਤੀਆਂ ਤੋਂ ਧੱਕੇ ਨਾਲ ਜ਼ਮੀਨ ਦਾ ਕਬਜ਼ਾ ਖੋਹਣ ਲਈ ਗਹਿਰੀ ਸਾਜ਼ਿਸ਼ ਤਹਿਤ ਆਗੂਆਂ 'ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਹਮਲਾਵਰਾਂ ਖਿਲਾਫ ਇਰਾਦਾ ਕਤਲ, 295-ਏ ਤੇ ਐੱਸ. ਸੀ., ਐੱਸ. ਟੀ. ਐਕਟ ਤਹਿਤ ਮਾਮਲਾ ਦਰਜ ਕਰਨ ਦੀ ਬਜਾਏ ਪੁਲਸ ਵਲੋਂ ਹਲਕੀਆਂ ਧਾਰਾਵਾਂ ਤਹਿਤ ਹੀ ਕਾਰਵਾਈ ਕੀਤੀ ਗਈ ਹੈ ਤੇ ਮਜ਼ਦੂਰਾਂ 'ਚ ਦਹਿਸ਼ਤ ਪਾਉਣ ਲਈ ਆਗੂਆਂ ਖਿਲਾਫ ਝੂਠਾ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਮੰਗਾਂ ਦੇ ਹੱਲ ਤਕ ਯੂਨੀਅਨ ਵਲੋਂ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਉਨ੍ਹਾਂ ਨੇ 10 ਅਗਸਤ ਨੂੰ ਕਪੂਰਥਲਾ ਵਿਖੇ ਕੀਤੇ ਜਾ ਰਹੇ ਸੂਬਾ ਪੱਧਰੀ ਧਰਨੇ 'ਚ ਵੱਧ-ਚੜ੍ਹ ਕੇ ਸ਼ਾਮਲ ਹੋਣ ਲਈ ਲੋਕਾਂ ਨੂੰ ਅਪੀਲ ਕੀਤੀ। ਇਸ ਮੌਕੇ ਯੂਨੀਅਨ ਦੇ ਜ਼ਿਲਾ ਸਕੱਤਰ ਨਿਰਮਲ ਸਿੰਘ, ਸ਼ੇਰਪੁਰ ਸੱਧਾ, ਕਸ਼ਮੀਰਾ ਸਿੰਘ, ਪਿਆਰਾ ਸਿੰਘ ਭੰਡਾਲ ਦੋਨਾ, ਅਮਰਜੀਤ, ਮਲਕੀਤ ਸਿੰਘ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਸਿੰਘ ਬਾਜਵਾ, ਜ਼ਿਲਾ ਆਗੂ ਸੁਰਿੰਦਰ ਸਿੰਘ ਗਦਰੀ ਆਦਿ ਹਾਜ਼ਰ ਸਨ।