ਦੋ ਵਾਰ ਢਾਬਾ ਮਾਲਕ ਦਾ ਕੱਟਿਆ ਸੀ ਹੈਲਥ ਇੰਸਪੈਕਟਰ ਨੇ ਚਲਾਨ, ਤੀਜੀ ਵਾਰ ਕੱਟਣ ਆਏ ''ਤੇ ਸੁੱਟੀ ਗਰਮ ਦਾਲ

06/03/2017 7:03:04 PM

ਧੂਰੀ(ਸੰਜੀਵ ਜੈਨ)— ਹੈਲਥ ਇੰਸਪੈਕਟਰ ਨੂੰ ਜਨਤਕ ਥਾਵਾਂ 'ਤੇ ਤੰਬਾਕੂ ਰੱਖਣ ਅਤੇ ਇਸ ਦਾ ਸੇਵਨ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨੀ ਮਹਿੰਗੀ ਸਾਬਤ ਹੋਈ ਹੈ। ਹੈਲਥ ਇੰਸਪੈਕਟਰ ਕੇਵਲ ਸਿੰਘ ਵੱਲੋਂ ਆਪਣੇ ਸਾਥੀਆਂ ਸਣੇ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜਨਤਕ ਸਥਾਨਾਂ 'ਤੇ ਤੰਬਾਕੂ ਉਤਪਾਦ ਰੱਖਣ ਅਤੇ ਸੇਵਨ ਕਰਨ ਵਾਲਿਆਂ 'ਤੇ ਨੱਥ ਪਾਉਣ ਲਈ ਚੈਕਿੰਗ ਕੀਤੀ ਜਾ ਰਹੀ ਸੀ। ਇਸ ਦੌਰਾਨ ਜਦੋਂ ਉਹ ਧੂਰੀ-ਮਾਲੇਰਕੋਟਲਾ ਰੋਡ 'ਤੇ ਪਿੰਡ ਭਸੌੜ 'ਚ ਸਥਿਤ ਸੋਨੂੰ-ਮੋਨੂੰ ਦੇ ਝਿਲਮਿਲ ਢਾਬੇ 'ਤੇ ਪਹੁੰਚੇ ਤਾਂ ਉਨ੍ਹਾਂ ਨੇ ਦੇਖਿਆ ਕਿ ਉਸ ਦੇ ਕਾਊਂਟਰ 'ਤੇ ਸਿਗਰਟ ਅਤੇ ਹੋਰ ਤੰਬਾਕੂ ਉਤਪਾਦ ਪਏ ਸਨ ਜੋ ਕਿ ਸ਼ਰੇਆਮ ਕਾਨੂੰਨ ਦੀ ਉਲੰਘਣਾ ਸੀ। ਹੈਲਥ ਇੰਸਪੈਕਟਰ ਕੇਵਲ ਸਿੰਘ ਵੱਲੋਂ ਇਸ ਦੇ ਲਈ ਉਕਤ ਢਾਬੇ ਦਾ ਚਲਾਨ ਕੱਟਣ ਦੀ ਗੱਲ ਕਹਿਣ 'ਤੇ ਢਾਬਾ ਮਾਲਕ ਮੁਹੰਮਦ ਸਾਲਿਮ ਭੜਕ ਗਿਆ ਅਤੇ ਉਨ੍ਹਾਂ ਨੂੰ ਬੁਰਾ-ਭਲਾ ਕਹਿਣ ਲੱਗਾ। ਇਹ ਹੀ ਨਹੀਂ ਸਗੋਂ ਮੁਹੰਮਦ ਸਲੀਮ ਨੇ ਕੇਵਲ ਸਿੰਘ ਅਤੇ ਉਸ ਦੇ ਸਾਥੀ 'ਤੇ ਗਰਮ-ਗਰਮ ਦਾਲ ਸੁੱਟ ਦਿੱਤੀ। ਪੀੜਤ ਇੰਸਪੈਕਟਰ ਕੇਵਲ ਸਿੰਘ ਨੇ ਕਿਹਾ ਹੈ ਕਿ ਅਜਿਹਾ ਦੋਸ਼ੀ ਵੱਲੋਂ ਰੰਜਿਸ਼ਨ ਕੀਤਾ ਗਿਆ ਹੈ, ਕਿਉਂਕਿ ਉਹ ਇਸ ਤੋਂ ਪਹਿਲਾਂ ਵੀ ਦੋਸ਼ੀ ਦਾ 2 ਵਾਰ ਚਲਾਨ ਕੱਟ ਚੁੱਕੇ ਹਨ। ਪੀੜਤ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਦੋਸ਼ੀ ਦੇ ਖਿਲਾਫ ਮਾਮਲਾ ਦਰਜ ਕਰਕੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।