ਕੈਨੇਡਾ 'ਚ ਮਾਰੇ ਗਏ ਸਿੱਖ ਨੌਜਵਾਨ ਸੰਬੰਧੀ ਇਹ ਜਾਣਕਾਰੀ ਆਈ ਸਾਹਮਣੇ

09/29/2017 3:40:16 PM

ਸਰੀ/ਅੰਮ੍ਰਿਤਸਰ, (ਏਜੰਸੀ)— ਕੈਨੇਡਾ ਜਾ ਕੇ ਕੰਮ ਕਰਨ ਦੇ ਸੁਪਨੇ ਨਾਲ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਉਸ ਦੇ ਪਰਿਵਾਰ 'ਤੇ ਅਜਿਹਾ ਦੁੱਖਾਂ ਦਾ ਪਹਾੜ ਡਿੱਗਿਆ ਕਿ ਕੋਈ ਦਿਲਾਸਾ ਵੀ ਦਵੇ ਤਾਂ ਕੀ, ਕਿਉਂਕਿ ਜੋ ਚਲਾ ਗਿਆ, ਉਹ ਕਦੇ ਵਾਪਸ ਨਹੀਂ ਆਵੇਗਾ। ਅਵਤਾਰ ਸਿੰਘ ਬੱਲ 27 ਕੁ ਸਾਲ ਦਾ ਹੀ ਸੀ। ਕੁੱਝ ਸਾਲ ਦੁਬਈ 'ਚ ਕੰਮ ਕਰਕੇ ਉਹ ਕੈਨੇਡਾ ਵਰਕ ਪਰਮਿਟ 'ਤੇ ਆਪਣੇ ਰਿਸ਼ਤੇਦਾਰ ਕੋਲ ਗਿਆ ਸੀ ਪਰ ਉਹ ਨਹੀਂ ਜਾਣਦਾ ਸੀ ਕਿ ਕੈਨੇਡਾ ਉਸ ਦੀ ਜ਼ਿੰਦਗੀ ਦਾ ਅੰਤ ਲੈ ਕੇ ਆਵੇਗਾ। 
ਉਸ ਸੰਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਉਹ ਅੰਮ੍ਰਿਤਸਰ ਦੇ ਪਿੰਡ ਬੁਤਾਲਾ ਦਾ ਰਹਿਣ ਵਾਲਾ ਸੀ। ਉਸ ਦੇ ਭਰਾ ਅਮਰੀਕਾ 'ਚ ਰਹਿੰਦਾ ਹੈ ਜਦ ਕਿ ਛੋਟੀ ਭੈਣ ਅਤੇ ਮਾਪੇ ਪੰਜਾਬ 'ਚ ਹੀ ਰਹਿੰਦੇ ਹਨ। ਕਈ ਸੁਪਨੇ ਸਜਾ ਕੇ ਵਿਦੇਸ਼ ਗਏ ਅਵਤਾਰ ਨੂੰ ਨਹੀਂ ਪਤਾ ਸੀ ਕਿ ਉਹ ਵਾਪਸ ਕਦੇ ਆਪਣੇ ਪਰਿਵਾਰ ਕੋਲ ਮੁੜ ਨਹੀਂ ਸਕੇਗਾ। ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਸਵੇਰੇ 7 ਵਜੇ ਸਰੀ 'ਚ ਇਕ ਵਾਹਨ ਉਸ ਨੂੰ ਟੱਕਰ ਮਾਰ ਕੇ ਚਲਾ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਉਸ ਦੇ ਰਿਸ਼ਤੇਦਾਰ ਕਲਵਿੰਦਰ ਨੇ ਦੱਸਿਆ ਕਿ ਡਾਕਟਰਾਂ ਨੇ ਜਾਣਕਾਰੀ ਦਿੱਤੀ ਕਿ ਅਵਤਾਰ ਦੇ ਦਿਮਾਗ ਅਤੇ ਰੀੜ੍ਹ ਦੀ ਹੱਡੀ 'ਤੇ ਜ਼ਬਰਦਸਤ ਸੱਟ ਲੱਗ ਗਈ ਸੀ ਜਿਸ ਕਾਰਨ ਉਹ ਮਰ ਗਿਆ। ਜਿਸ ਥਾਂ 'ਤੇ ਅਵਤਾਰ ਦੀ ਮੌਤ ਹੋਈ ਲੋਕਾਂ ਨੇ ਉੱਥੇ ਜਾ ਕੇ ਅਵਤਾਰ ਦੀ ਆਤਮਿਕ ਸ਼ਾਂਤੀ ਲਈ ਫੁੱਲ ਚੜਾਏ।


ਬਿਕਰਮਜੀਤ ਸਿੰਘ ਨੰਦਾ ਨਾਂ ਦੇ ਉਸ ਦੇ ਗੁਆਂਢੀ ਨੇ ਦੱਸਿਆ ਕਿ ਉਸ ਨੇ ਹੀ ਅਵਤਾਰ ਨੂੰ ਦੁਰਘਟਨਾ ਮਗਰੋਂ ਸਭ ਤੋਂ ਪਹਿਲਾਂ ਦੇਖਿਆ ਸੀ। ਉਸ ਨੇ ਉਸ ਨੂੰ ਬਚਾਉਣ ਲਈ ਬਹੁਤ ਕੋਸ਼ਿਸ਼ ਕੀਤੀ ਪਰ ਅਸਫਲ ਰਿਹਾ। ਹਸਪਤਾਲ ਜਾਂਦਿਆਂ ਹੀ ਅਵਤਾਰ ਨੇ ਦਮ ਤੋੜ ਦਿੱਤਾ। ਅਜੇ ਤਕ ਪੁਲਸ ਨੇ ਇਸ ਮਾਮਲੇ 'ਚ ਕਿਸੇ ਵੀ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ।