ICMR ਦੀ ਟੀਮ ਨੇ ਲਏ 300 ਸੈਂਪਲ, ਸਰਵੇ ’ਚ 100 ਹੈਲਥ ਕੇਅਰ ਵਰਕਰ ਵੀ ਸ਼ਾਮਲ

01/07/2021 1:27:15 AM

ਲੁਧਿਆਣਾ, (ਸਹਿਗਲ)- ਆਈ. ਸੀ. ਐੱਮ. ਆਰ. ਦੀ ਟੀਮ ਨੇ ਲੁਧਿਆਣਾ ਪੁੱਜਣ ਤੋਂ ਬਾਅਦ ਅੱਜ ਆਪਣਾ ਸਿਰੋ ਸਰਵੇ ਦਾ ਤੀਜਾ ਰਾਊਂਡ ਸ਼ੁਰੂ ਕਰ ਦਿੱਤਾ। ਇਸ ਸਿਲਸਿਲੇ ਵਿਚ ਜ਼ਿਲ੍ਹੇ ਦੇ ਪੰਜ ਵੱਖ-ਵੱਖ ਥਾਵਾਂ ਤੋਂ 40-40 ਲੋਕਾਂ ਦੇ ਰੈਂਡਮ ਬਲੱਡ ਸੈਂਪਲ ਲਏ ਗਏ। ਇਸ ਤੋਂ ਇਲਾਵਾ ਸਰਵੇ ਵਿਚ 100 ਹੈਲਥ ਕੇਅਰ ਵਰਕਰਾਂ ਨੂੰ ਵੀ ਸ਼ਾਮਲ ਕੀਤਾ ਗਿਆ।

ਜ਼ਿਲ੍ਹੇ ਐਪੀਡੇਮਿਓਲੋਜਿਸਟ ਡਾ. ਰਮੇਸ਼ ਭਗਤ ਨੇ ਦੱਸਿਆ ਕਿ ਸਾਹਨੇਵਾਲ ਅਤੇ ਖੰਨਾ ਤੋਂ 50-50 ਹੈਲਥ ਕੇਅਰ ਵਰਕਰਾਂ ਦੇ ਬਲੱਡ ਸੈਂਪਲ ਲਏ ਗਏ ਹਨ। ਇਸ ਤੋਂ ਇਲਾਵਾ ਦੋਰਾਹਾ ਬਲਾਕ ਪੱਖੋਵਾਲ ਬਲਾਕ ਪਿੰਡ ਮਾਜਰੀ ਮਲੌਦ ਅਤੇ ਸ਼ਹਿਰੀ ਇਲਾਕੇ ਤੋਂ 40-40 ਸੈਂਪਲ ਲੈ ਕੇ ਇਸ ਥਰਡ ਰਾਊਂਡ ਨੂੰ ਪੂਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਰਵੇ ਵਿਚ ਲੋਕਾਂ ਵਿਚ ਕੋਰੋਨਾ ਖਿਲਾਫ ਕਿੰਨੀ ਹਰਡ ਇਮਿਊਨਿਟੀ ਬਣੀ ਇਹ ਦੇਖਿਆ ਜਾਵੇਗਾ, ਨਾਲ ਹੀ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਕਿੰਨੀ ਐਂਟੀ ਬਾਡੀਜ਼ ਬਣੀ ਹੈ, ਇਹ ਪਤਾ ਲਾਇਆ ਜਾਵੇਗਾ।

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਵਿਚ ਇਹ ਤੱਥ ਵੀ ਚੈੱਕ ਕੀਤਾ ਜਾਵੇਗਾ ਕਿ ਕਿੰਨੇ ਫੀਸਦੀ ਲੋਕਾਂ ਨੂੰ ਕੋਰੋਨਾ ਵਾਇਰਸ ਹੋ ਕੇ ਠੀਕ ਹੋ ਗਿਆ ਅਤੇ ਕਿਸੇ ਫੀਸਦੀ ਲੋਕਾਂ ਨੂੰ ਕੋਰੋਨਾ ਵਾਇਰਸ ਹੋ ਕੇ ਠੀਕ ਹੋ ਗਿਆ ਅਤੇ ਕਿਸੇ ਤਰ੍ਹਾਂ ਦੇ ਲੱਛਣ ਸਾਹਮਣੇ ਨਹੀਂ ਆਏ। ਡਾ. ਭਗਤ ਮੁਤਾਬਕ ਇਸ ਸਰਵੇ ਦੀ ਰਿਪੋਰਟ 1 ਮਹੀਨੇ ਬਾਅਦ ਆਵੇਗੀ।

ਧਿਆਨਦੇਣਯੋਗ ਹੈ ਕਿ ਪਿਛਲੀ ਵਾਰ ਸਰਵੇ ਵਿਚ ਲੋਕਾਂ ਦੇ 200 ਰੈਂਡਮ ਸੈਂਪਲ ਲਏ ਗਏ ਸਨ ਅਤੇ ਿੲਸ ਵਿਚ ਹੈਲਥ ਕੇਅਰ ਵਰਕਰਾਂ ਨੂੰ ਸ਼ਾਮਲ ਨਹੀਂ ਕੀਤਾ ਗਿਆ ਸੀ। ਹੈਲਥ ਕੇਅਰ ਵਰਕਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੇ ਜ਼ਿਆਦਾ ਸੰਪਰਕ ਵਿਚ ਰਹਿੰਦੇ ਹਨ। ਇਸ ਲਈ ਇਸ ਸਰਵੇ ਵਿਚ ਉਨ੍ਹਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਕੋਰੋਨਾ ਦੇ 95 ਫੀਸਦੀ ਮਰੀਜ਼ ਹੋਏ ਠੀਕ, ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ’ਚ ਆਈ ਕਮੀ

ਜ਼ਿਲੇ ’ਚ ਪਹਿਲਾਂ ਕੋਰੋਨਾ ਵਾਇਰਸ ਦੇ 95 ਫੀਸਦੀ ਮਰੀਜ਼ ਠੀਕ ਹੋ ਚੁੱਕੇ ਹਨ। ਦੂਜੇ ਪਾਸੇ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਪਹਿਲਾਂ ਤੋਂ ਲਗਾਤਾਰ ਕਮੀ ਪਾਈ ਜਾ ਰਹੀ ਹੈ। ਜ਼ਿਲੇ ਦੇ ਹਸਪਤਾਲਾਂ ਵਿਚ ਅੱਜ ਕੋਰੋਨਾ ਵਾਇਰਸ ਦੇ 32 ਪਾਜ਼ੇਟਿਵ ਮਰੀਜ਼ ਸਾਹਮਣੇ ਆਏ, ਜਦੋਂਕਿ ਇਕ ਮਰੀਜ਼ ਦੀ ਮੌਤ ਹੋ ਗਈ। ਉਕਤ ਮਰੀਜ਼ ਜੰਮੂ ਅਤੇ ਕਸ਼ਮੀਰ ਰਾਜ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਸਿਹਤ ਅਧਿਕਾਰੀਆਂ ਮੁਤਾਬਕ ਸਾਹਮਣੇ ਆਏ ਪਾਜ਼ੇਟਿਵ ਮਰੀਜ਼ਾਂ ਵਿਚ 25 ਮਰੀਜ਼ ਜ਼ਿਲੇ ਦੇ, ਜਦੋਂਕਿ 7 ਮਰੀਜ਼ ਦੂਜੇ ਜ਼ਿਲਿਆਂ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਹੁਣ ਤੱਕ 24941 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 969 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਜ਼ਿਲੇ ਤੋਂ ਇਲਾਵਾ 3734 ਮਰੀਜ਼ ਦੂਜੇ ਜ਼ਿਲਿਆਂ ਜਾਂ ਰਾਜਾਂ ਦੇ ਰਹਿਣ ਵਾਲੇ ਸਥਾਨਕ ਹਸਪਤਾਲਾਂ ਵਿਚ ਇਲਾਜ ਦੌਰਾਨ ਪਾਜ਼ੇਟਿਵ ਆਏ। ਇਨ੍ਹਾਂ ਵਿਚੋਂ 453 ਮਰੀਜ਼ਾਂ ਦੀ ਮੌਤ ਹੋ ਗਈ। ਜ਼ਿਲੇ ਵਿਚ 23,684 ਮਰੀਜ਼ ਠੀਕ ਹੋ ਚੁੱਕੇ ਹਨ। ਮੌਜੂਦਾ ਵਿਚ 288 ਐਕਟਿਵ ਮਰੀਜ਼ ਰਹਿ ਗਏ ਹਨ।

20 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ’ਚ ਭੇਜਿਆ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ 20 ਪਾਜ਼ੇਟਿਵ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਮੌਜੂਦਾ ਵਿਚ 210 ਪਾਜ਼ੇਟਿਵ ਮਰੀਜ਼ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਹਨ।

66 ਸ਼ੱਕੀ ਮਰੀਜ਼ ਹੋਮ ਕੁਆਰੰਟਾਈਨ ’ਚ ਭੇਜੇ

ਸਿਹਤ ਵਿਭਾਗ ਦੀਆਂ ਟੀਮਾਂ ਨੇ ਅੱਜ ਸਕ੍ਰੀਨਿੰਗ ਉਪਰੰਤ 66 ਸ਼ੱਕੀ ਮਰੀਜ਼ਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਹੈ। ਸਿਹਤ ਅਧਿਕਾਰੀ ਮੁਤਾਬਕ 980 ਸ਼ੱਕੀ ਮਰੀਜ਼ ਹੋਮ ਕੁਆਰੰਟਾਈਨ ਵਿਚ ਰਹਿ ਰਹੇ ਹਨ।

ਸਿਵਲ ਹਸਪਤਾਲ ’ਚ 10, ਨਿੱਜੀ ਹਸਪਤਾਲਾਂ ’ਚ 88 ਪਾਜ਼ੇਟਿਵ ਮਰੀਜ਼

ਕੋਰੋਨਾ ਵਾਇਰਸ ਦਾ ਕਹਿਰ ਘੱਟ ਹੋਣ ਕਾਰਨ ਸਿਵਲ ਹਸਪਤਾਲ ਵਿਚ 10 ਪਾਜ਼ੇਟਿਵ ਮਰੀਜ਼ ਰਹਿ ਗਏ ਹਨ, ਜਦੋਂਕਿ ਨਿੱਜੀ ਹਸਪਤਾਲਾਂ ਵਿਚ 88 ਪਾਜ਼ੇਟਿਵ ਮਰੀਜ਼ ਜ਼ੇਰੇ ਇਲਾਜ ਹਨ। ਸਿਹਤ ਅਧਿਕਾਰੀਆਂ ਮੁਤਾਬਕ ਇਨ੍ਹਾਂ ਮਰੀਜ਼ਾਂ ਵਿਚ 6 ਮਰੀਜ਼ਾਂ ਦੀ ਹਾਲਤ ਕਾਫੀ ਗੰਭੀਰ ਹੈ। ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ’ਤੇ ਰੱਖਿਆ ਗਿਆ ਹੈ। ਇਨ੍ਹਾਂ ਵਿਚੋਂ ਇਕ ਮਰੀਜ਼ ਜ਼ਿਲੇ ਦਾ ਰਹਿਣ ਵਾਲਾ ਹੈ, ਜਦੋਂਕਿ ਪੰਜ ਦੂਜੇ ਜ਼ਿਲਿਆਂ ਆਦਿ ਨਾਲ ਸਬੰਧਤ ਹੈ।

ਏਵੀਅਨ ਇਨਫਲੂਏਂਜਾ ਬਾਰੇ ਅਲਰਟ ਜਾਰੀ

ਸਿਹਤ ਵਿਭਾਗ ਨੇ ਸਾਰੇ ਸਿਵਲ ਸਰਜਨਾਂ ਨੂੰ ਪੱਤਰ ਲਿਖ ਕੇ ਏਵੀਅਨ ਇਨਫਲੂਏਂਜਾ ਬਾਰੇ ਅਲਰਟ ਜਾਰੀ ਕੀਤਾ ਹੈ। ਆਪਣੇ ਪੱਤਰ ਵਿਚ ਸਿਹਤ ਨਿਰਦੇਸ਼ਕ ਨੇ ਲਿਖਿਆ ਕਿ ਦੇਸ਼ ਦੇ ਕਈ ਸੂਬਿਆਂ ਜਿਨ੍ਹਾਂ ਵਿਚ ਕੇਰਲਾ ਮੱਧ ਪ੍ਰਦੇਸ਼ ਰਾਜਸਥਾਨ ਹਿਮਾਚਲ ਵਿਚ ਏਵੀਅਨ ਇਨਫਲੁਏਂਜਾ ਦੇ ਕਈ ਕੇਸ ਸਾਹਮਣੇ ਆਏ ਹਨ। ਅਜਿਹੇ ਵਿਚ ਸਾਰੇ ਜ਼ਿਲਿਆਂ ਦੇ ਸਿਵਲ ਸਰਜਨ ਸਥਾਨਕ ਐਨੀਮਲ ਹਸਬੈਂਡਰੀ ਵਿਭਾਗ ਨਾਲ ਸੰਪਰਕ ਸਥਾਪਿਤ ਕਰਨ ਅਤੇ ਆਪਸੀ ਸਹਿਯੋਗ ਨਾਲ ਰੋਜ਼ਾਨਾ ਰਿਪੋਰਟ ਤਿਆਰ ਕਰਨ। ਉਨ੍ਹਾਂ ਕਿਹਾ ਕਿ ਜਿਉਂ ਹੀ ਕਿਸੇ ਵੀ ਜ਼ਿਲੇ ਵਿਚ ਕੋਈ ਸ਼ੱਕੀ ਏਵੀਅਨ ਇਨਫਲੂਏਂਜਾ ਮਤਲਬ ਬਰਡ ਫਲੂ ਦਾ ਕੇਸ ਸਾਹਮਣੇ ਆਉਂਦਾ ਹੈ ਤਾਂ ਤੁਰੰਤ ਉਨ੍ਹਾਂ ਨੂੰ ਤੁਰੰਤ ਸੂਚਿਤ ਕੀਤਾ ਜਾਵੇ।

Bharat Thapa

This news is Content Editor Bharat Thapa