ਦਿਲ ਹੋਣਾ ਚਾਹੀਦਾ ਜਵਾਨ..ਪਰ ਸਾਵਧਾਨ ਕਿਧਰੇ ਹੋ ਨਾ ਜਾਇਓ ਠੱਗੀ ਦਾ ਸ਼ਿਕਾਰ

05/06/2019 9:22:05 PM

ਜਲੰਧਰ, (ਸ਼ੋਰੀ)- ਗੁਰਦਾਸ ਮਾਨ ਦਾ ਪ੍ਰਿਸਿੱਧ ਗਾਣਾ ਦਿਲ ਹੋਣਾਂ ਚਾਹੀਦਾ ਜਵਾਨ, ਉਮਰਾਂ ਵਿਚ ਕੀ ਰੱਖਿਆ...ਤਾਂ ਸਭ ਨੇ ਸੁਣਿਆ ਹੋਵੇਗਾ ਪਰ ਇਸ ਗਾਣੇ ਦੇ ਨਾਲ ਨਾਲ ਤਹਾਨੂੰ ਦੱਸਦਇਏ ਕਿ ਦਿਲ ਨੂੰ ਭਾਵੇਂ ਤੁਸੀਂ ਜਿੰਨ੍ਹਾਂ ਮਰਜ਼ੀ ਜਵਾਨ ਰੱਖੋ ਪਰ ਸਾਵਧਾਨੀ ਨਾਲ। ਕਿਤੇ ਵੀ ਦਿਲ ਲਗਾਉਣ ਤੋਂ ਪਹਿਲਾਂ ਉਸ ਬਾਰੇ ਸਾਰੀ ਜਾਣਕਾਰੀ ਹਾਸਲ ਜ਼ਰੂਰ ਕਰ ਲਵੋਂ, ਕਿਉਂਕਿ ਇਨੀਂ ਦਿਨੀਂ ਮਹਾਨਗਰ ਵਿਚ ਅੱਧਖੜ ਉਮਰ ਦੇ ਵਿਅਕਤੀਆਂ ਨੂੰ ਲੜਕੀਆਂ ਦੇ ਝੂਠੇ ਪਿਆਰ ਵਿਚ ਫਸਾ ਕੇ ਠੱਗਣ ਵਾਲੇ ਗਿਰੋਹ ਸਰਗਰਮ ਹਨ। ਅਜਿਹੇ ਹੀ ਇਕ ਗਿਰੋਹ ਦਾ ਹਾਲ ਵਿਚ ਹੀ ਮਹਿਲਾ ਥਾਣੇ ਦੀ ਪੁਲਸ ਨੇ ਪਰਦਾਫਾਸ਼ ਕੀਤਾ ਹੈ।  ਪੁਲਸ ਨੇ ਇਸ ਨਾਲ ਸੰਬੰਧਤ ਇਕ ਆਟੋ ਯੂਨੀਅਨ ਦੇ ਸਾਬਕਾ ਪ੍ਰਧਾਨ ਧਰਮਿੰਦਰ ਗਿੱਲ ਤੇ ਉਸ ਦੇ ਸਾਥੀਆਂ ਨੂੰ ਨਾਮਜਦ ਕਰ ਗ੍ਰਿਫਤਾਰ ਕੀਤਾ ਹੈ। ਇਹ ਗਿਰੋਹ ਬਣਾ ਕੇ ਅੱਧਖੜ ਉਮਰ ਦੇ ਲੋਕਾਂ ਕੋਲ ਲੜਕੀ ਨੂੰ ਭੇਜ ਕੇ ਝੂਠੇ ਛੇੜਖਾਨੀ ਤੇ ਸਰੀਰਕ ਸਬੰਧ ਬਣਾਉਣ ਦੇ ਦੋਸ਼ ਲਾ ਕੇ ਉਨ੍ਹਾਂ ਨੂੰ ਡਰਾ-ਧਮਕਾ ਕੇ ਪੈਸੇ ਵਸੂਲ ਕਰਦੇ ਸਨ। ਇਸ ਦੇ ਬਾਵਜੂਦ ਅੱਜ ਵੀ ਮਹਾਨਗਰ ਵਿਚ ਅਜਿਹਾ ਕੰਮ ਕਰਨ ਵਾਲੇ ਧੜੱਲੇ ਨਾਲ ਅਜਿਹਾ ਕਰਨ ਵਾਲੇ ਕਈ ਗਿਰੋਹ ਸਰਗਰਮ ਹਨ, ਜੋ ਖਾਸ ਤੌਰ ’ਤੇ ਅੱਧਖੜ ਉਮਰ ਦੇ ਲੋਕਾਂ ਤੇ ਸਰਕਾਰੀ ਕਰਮਚਾਰੀਆਂ ਨੂੰ ਆਪਣਾ ਸ਼ਿਕਾਰ ਬਣਾਉਣ ਦਾ ਕੰਮ ਕਰ ਰਹੇ ਹਨ ਕਿਉਂਕਿ ਬਦਨਾਮੀ ਦੇ ਡਰੋਂ ਅਜਿਹੇ ਲੋਕ ਠੱਗੀ ਕਰਨ ਵਾਲਿਆਂ ਦੇ ਝਾਂਸੇ ਵਿਚ ਜਲਦੀ ਆ ਜਾਂਦੇ ਹਨ ਤੇ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰ ਕੇ ਬਲੈਕਮੇਲ ਆਸਾਨੀ ਨਾਲ ਹੋ ਜਾਂਦੇ ਹਨ।

ਜ਼ਿਕਰਯੋਗ ਹੈ ਕਿ ਕਮਿਸ਼ਨਰੇਟ ਪੁਲਸ ਨੇ ਹਾਲ ਹੀ ਵਿਚ ਇਸ ਰੈਕੇਟ ਦੇ ਸਰਗਣਾ ਧਰਮਿੰਦਰ ਗਿੱਲ, ਉਸ ਦੇ ਬੇਟੇ ਤੇ ਸਾਥੀ 2 ਔਰਤਾਂ ਨੂੰ ਗ੍ਰਿਫਤਾਰ ਕੀਤਾ ਸੀ। ਪੁਲਸ ਵੀ ਹੈਰਾਨ ਰਹਿ ਗਈ ਸੀ ਕਿ ਲੋਕਾਂ ਨੂੰ ਡਰਾਉਣ ਲਈ ਪੁਲਸ ਦੀ ਨਕਲੀ ਵਰਦੀ ਪਾ ਕੇ ਕਿਵੇਂ ਇਹ ਲੋਕਾਂ ’ਤੇ ਦਬਾਅ ਬਣਾਉਂਦੇ ਸਨ।

ਰਾਮਾ ਮੰਡੀ ਇਲਾਕੇ ਚ ਵਿਅਕਤੀ ਹੋਇਆ ਗੈਂਗ ਦਾ ਸ਼ਿਕਾਰ

ਪਤਨੀ ਦੀ ਮੌਤ ਹੋ ਜਾਣ ਤੋਂ ਬਾਅਦ ਰਾਮਾ ਮੰਡੀ ਫਲਾਈਓਵਰ ਪੁਲ ਕੋਲ ਰਹਿਣ ਵਾਲੇ ਦਲਬੀਰ (ਕਾਲਪਨਿਕ ਨਾਂ) ਜੋ ਕਿ ਘਰੋਂ ਠੀਕ-ਠਾਕ ਹੈ, ਕੋਲੋਂ ਕੁਝ ਦਿਨ ਪਹਿਲਾਂ ਇਕ ਚੂੜੇ ਵਾਲੀ ਲੜਕੀ ਲਿਫਟ ਮੰਗਣ ਲੱਗੀ। ਅੱਧਖੜ ਉਮਰ ਦੇ ਦਲਬੀਰ ਨੇ ਉਸ ਲੜਕੀ ਨੂੰ ਆਪਣੀ ਕਾਰ ਵਿਚ ਲਿਫਟ ਦੇ ਦਿੱਤੀ ਤੇ ਰਸਤੇ ਵਿਚ ਦੋਵਾਂ ਵਿਚਾਲੇ ਪਹਿਲਾਂ ਗੱਲਬਾਤ ਤੇ ਫਿਰ ਦੋਸਤੀ ਸ਼ੁਰੂ ਹੋ ਗਈ। ਲੜਕੀ ਨੇ ਆਪਣਾ ਮੋਬਾਇਲ ਨੰਬਰ ਵੀ ਉਸ ਨੂੰ ਦੇ ਦਿੱਤਾ ਤੇ ਦਲਬੀਰ ਲੜਕੀ ਨੂੰ ਪਰਾਗਪੁਰ ਜੀ. ਟੀ. ਰੋਡ ਕੋਲ ਛੱਡ ਆਇਆ ਪਰ ਗੁਰਦਾਸ ਮਾਨ ਦਾ ਮਸ਼ਹੂਰ ਗੀਤ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਿ ਦਿਲ ਹੋਣਾ ਚਾਹੀਦਾ ਜਵਾਨ ਉਮਰਾਂ ’ਚ ਕੀ ਰੱਖਿਆ, ਬਸ ਦਲਬੀਰ ਲੜਕੀ ਨਾਲ ਗੱਲਾਂ ਕਰਨ ਲੱਗਾ ਤੇ ਦੋਵਾਂ ਵਿਚਕਾਰ ਦੂਰੀਆਂ ਘੱਟ ਹੋਣ ਲੱਗੀਆਂ।

ਕੁਝ ਦਿਨ ਪਹਿਲਾਂ ਲੜਕੀ ਨੇ ਦਲਬੀਰ ਨੂੰ ਆਪਣੀ ਸਹੇਲੀ ਦੇ ਘਰ ਬੱਸ ਸਟੈਂਡ ਰਣਜੀਤ ਨਗਰ ਕੋਲ ਬੁਲਾਇਆ। ਮਾਸ਼ੂਕਾ ਨੂੰ ਮਿਲਣ ਦਲਬੀਰ ਹੱਥ ਵਿਚ ਗੋਲਡ ਤੇ ਸਮਾਰਟ ਬਣ ਕੇ ਗਿਆ। ਸਹੇਲੀ ਦੇ ਘਰ ਪਹੁੰਚਣ ’ਤੇ ਪਹਿਲਾਂ ਦਲਬੀਰ ਨੂੰ ਕੋਲਡ ਡਰਿੰਕ ਪਿਆਈ ਗਈ ਤੇ ਬਾਅਦ ਵਿਚ ਲੜਕੀ ਉਸ ਨਾਲ ਗੱਲਬਾਤ ਕਰਨ ਲੱਗੀ। ਇਸ ਦੌਰਾਨ ਇਕ ਵਿਅਕਤੀ ਆ ਕੇ ਦਲਬੀਰ ਨਾਲ ਵਿਵਾਦ ਕਰ ਕੇ ਕੁੱਟਮਾਰ ਕਰਨ ਲੱਗਾ। ਉਸ ਦਾ ਦੋਸ਼ ਸੀ ਕਿ ਦਲਬੀਰ ਨੇ ਉਸ ਦੀ ਪਤਨੀ ਨਾਲ ਛੇੜਛਾੜ ਕੀਤੀ ਹੈ। ਲੜਕੀ ਨੇ ਵੀ ਰੋਂਦਿਆਂ ਦਲਬੀਰ ’ਤੇ ਗੰਭੀਰ ਦੋਸ਼ ਲਾਏ। ਆਖਿਰ ਦਲਬੀਰ ਨੂੰ ਆਪਣੇ ਹੱਥਾਂ ਵਿਚ ਪਾਇਆ ਗੋਲਡ ਤੇ ਕੈਸ਼ ਵੀ ਦੇ ਕੇ ਮਾਮਲਾ ਨਿਪਟਾਉਣਾ ਪਿਆ। ਬਦਨਾਮੀ ਦੇ ਡਰ ਕਾਰਨ ਦਲਬੀਰ ਬਿਨਾਂ ਕਾਰਵਾਈ ਦੇ ਚੁੱਪ ਕਰ ਕੇ ਬੈਠ ਗਿਆ। ਮਹਾਨਗਰ ਵਿਚ ਅਜਿਹੇ ਕਾਂਡ ਦਰਜਨਾਂ ਦੇ ਹਿਸਾਬ ਨਾਲ ਹੁੰਦੇ ਹਨ ਪਰ ਪਰਿਵਾਰ ਤੇ ਪੁਲਸ ਦੀ ਕਾਰਵਾਈ ਦੇ ਡਰੋਂ ਪੀੜਤ ਚੁੱਪਚਾਪ ਬਲੈਕਮੇਲ ਹੋ ਕੇ ਸਭ ਕੁਝ ਰੱਬ ਆਸਰੇ ਛੱਡ ਦਿੰਦੇ ਹਨ ਕਿ ਰੱਬ ਹੀ ਉਨ੍ਹਾਂ ਦਾ ਬਦਲਾ ਲਵੇਗਾ।

Arun chopra

This news is Content Editor Arun chopra