ਸਿਹਤ ਵਿਭਾਗ ਦੀ ਟੀਮ ਨੇ ਕਈ ਖੇਤਰਾਂ ਦਾ ਕੀਤਾ ਫੀਵਰ ਸਰਵੇ

08/28/2018 4:06:01 AM

 ਫਿਰੋਜ਼ਪੁਰ, (ਕੁਮਾਰ, ਮਲਹੋਤਰਾ)– ਸਿਹਤ ਵਿਭਾਗ ਦੀ ਟੀਮ ਨੇ  ਲੋਕਾਂ ਨੂੰ ਡੇਂਗੂ ਦੀ ਬੀਮਾਰੀ ਦੇ ਪ੍ਰਕੋਪ ਤੋਂ ਬਚਾਉਣ ਦੇ ਉਦੇਸ਼ ਸਬੰਧੀ ਡਾ. ਸੁਰਿੰਦਰ ਕੁਮਾਰ ਸਿਵਲ ਸਰਜਨ ਤੇ ਡਾ.  ਮੀਨਾਕਸ਼ੀ ਢੀਂਗਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਬਰਟ ਰੋਡ, ਬੈਕਸਾਈਡ ਬਾਲ ਨਿਕੇਤਨ ਸਕੂਲ, ਰੇਲਵੇ ਸਟੇਸ਼ਨ ਦੇ ਸਾਹਮਣੇ ਦੇ ਖੇਤਰ ਆਦਿ ’ਚ ਫੀਵਰ ਸਰਵੇ ਕੀਤਾ। ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਨੇ 13 ਘਰਾਂ ਤੇ ਦੁਕਾਨਾਂ ਤੋਂ ਭਾਰੀ ਮਾਤਰਾ ’ਚ ਡੇਂਗੂ ਦਾ ਲਾਰਵਾ ਬਰਾਮਦ ਕੀਤਾ ਅਤੇ ਮੌਕੇ ’ਤੇ ਟੀਮ ਦੇ ਮੈਂਬਰ ਨਰਿੰਦਰ ਸ਼ਰਮਾ ਨੇ ਨਗਰ ਕੌਂਸਲ ਦੇ ਇੰਸਪੈਕਟਰ ਨੂੰ ਲਿਖਤੀ ਰੂਪ ’ਚ ਉਕਤ ਲੋਕਾਂ ਦੇ ਚਲਾਨ ਕੱਟਣ ਲਈ ਕਿਹਾ।
 ਇਸ ਦੌਰਾਨ ਸਿਹਤ ਵਿਭਾਗ ਦੀ ਟੀਮ ਦੇ ਮੈਂਬਰ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਅਤੇ ਇਸ ਪ੍ਰਤੀ ਜਾਗਰੂਕ ਕਰਨ ਲਈ ਲਗਾਤਾਰ ਸ਼ਹਿਰ ’ਚ ਸਰਵੇ ਕਰ ਰਹੀ ਹੈ ਅਤੇ ਜਿਨ੍ਹਾਂ ਲੋਕਾਂ ਦੇ ਘਰਾਂ ਤੇ ਦੁਕਾਨਾਂ ’ਚੋਂ ਡੇਂਗੂ ਦਾ ਲਾਰਵਾ ਮਿਲਦਾ ਹੈ, ਉਨ੍ਹਾਂ ਦੇ ਨਗਰ ਕੌਂਸਲ ਵੱਲੋਂ ਚਲਾਨ ਕੱਟੇ ਜਾ ਰਹੇ ਹਨ।  ਸਿਹਤ ਵਿਭਾਗ ਦੀ ਟੀਮ ਵੱਲੋਂ ਡੇਂਗੂ ਦਾ ਲਾਰਵਾ ਪੈਦਾ ਨਾ ਹੋਣ ਦੀਆਂ ਵਿਧੀਆਂ ਸਬੰਧੀ ਲੋਕਾਂ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾ ਰਹੀ ਹੈ ਤਾਂ ਕਿ ਜ਼ਿਲੇ ਨੂੰ ਡੇਂਗੂ-ਮੁਕਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਡੇਂਗੂ ਦਾ ਇਲਾਜ ਸਿਵਲ ਹਸਪਤਾਲ ’ਚ ਮੁਫਤ ਕੀਤਾ ਜਾਂਦਾ ਹੈ। ਜੇਕਰ ਕਿਸੇ ਵੀ ਵਿਅਕਤੀ ਨੂੰ ਡੇਂਗੂ ਦੀ ਸ਼ਿਕਾਇਤ ਹੁੰਦੀ ਹੈ ਤਾਂ ਉਹ ਆਪਣਾ ਇਲਾਜ ਸਿਵਲ ਹਸਪਤਾਲ ’ਚ ਕਰਵਾਉਣ। ਇਸ ਮੌਕੇ ਉਨ੍ਹਾਂ ਦੇ ਨਾਲ ਰਾਕੇਸ਼, ਦੀਪ ਚੰਦ ਤੇ ਮੰਜੂ ਆਦਿ ਕਰਮਚਾਰੀ ਮੌਜੂਦ ਸਨ।