ਜੇਲ ''ਚ ਬੰਦ ਗੈਂਗਸਟਰ ਜਗਰੋਸ਼ਨ ਦਾ ਸਾਥੀ ਲਵਲੀ ਗ੍ਰਿਫਤਾਰ

04/13/2018 4:30:53 AM

ਅੰਮ੍ਰਿਤਸਰ,  (ਸੰਜੀਵ)- ਕੇਂਦਰੀ ਜੇਲ ਫਤਾਹਪੁਰ 'ਚ ਬੰਦ ਖਤਰਨਾਕ ਗੈਂਗਸਟਰ ਜਗਰੋਸ਼ਨ ਸਿੰਘ ਦੇ ਸਾਥੀ ਲਵਲੀ ਨੂੰ ਅੱਜ ਜ਼ਿਲਾ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਲਵਲੀ ਵੀ ਪਿਛਲੇ ਦਿਨੀਂ ਗ੍ਰਿਫਤਾਰ ਕੀਤੇ ਗਏ ਗੈਂਗਸਟਰ ਹਰਮਨਜੀਤ ਸਿੰਘ ਤੇ ਜੋਬਨਪ੍ਰੀਤ ਸਿੰਘ ਨਾਲ 19 ਮਾਰਚ ਦੀ ਸ਼ਾਮ 88 ਫੁੱਟੀ ਰੋਡ 'ਤੇ ਸਥਿਤ ਸੁਭਾਸ਼ ਕਾਲੋਨੀ ਦੇ ਰਹਿਣ ਵਾਲੇ ਸੰਨੀ ਕੁਮਾਰ ਉਰਫ ਵੀਰੂ ਦੇ ਘਰ ਅੰਨ੍ਹੇਵਾਹ ਗੋਲੀਆਂ ਚਲਾਉਣ ਦੀ ਵਾਰਦਾਤ ਵਿਚ ਸ਼ਾਮਲ ਸੀ। ਪੁਲਸ ਉਸ ਤੋਂ ਗੰਭੀਰਤਾ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਬਹੁਤ ਛੇਤੀ ਪੱਤਰਕਾਰ ਸੰਮੇਲਨ ਦੌਰਾਨ ਉਸ ਵੱਲੋਂ ਕੀਤੀਆਂ ਗਈਆਂ ਕਈ ਵਾਰਦਾਤਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ। ਦੂਜੇ ਪਾਸੇ ਪੁਲਸ ਨੇ ਜੇਲ 'ਚ ਬੰਦ ਗੈਂਗਸਟਰ ਜਗਰੋਸ਼ਨ ਸਿੰਘ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਪ੍ਰਕਿਰਿਆ ਪੂਰੀ ਕਰ ਲਈ ਹੈ।
ਦੱਸਣਯੋਗ ਹੈ ਕਿ 19 ਮਾਰਚ ਦੀ ਸ਼ਾਮ ਕੇਂਦਰੀ ਜੇਲ ਵਿਚ 2 ਗਰੁੱਪਾਂ ਵਿਚ ਝੜਪ ਹੋਈ ਸੀ, ਜਿਸ ਉਪਰੰਤ ਗੈਂਗਸਟਰ ਜਗਰੋਸ਼ਨ ਸਿੰਘ ਨੇ ਬਾਹਰ ਬੈਠੇ ਆਪਣੇ ਸਾਥੀਆਂ 'ਚ ਸ਼ਾਮਲ ਹਰਮਨਜੀਤ, ਜੋਬਨ ਤੇ ਲਵਲੀ ਨੂੰ ਜੇਲ ਵਿਚ ਬੰਦ ਵੀਰੂ ਦੇ ਘਰ ਜਾ ਕੇ ਗੋਲੀਆਂ ਚਲਾਉਣ ਨੂੰ ਕਿਹਾ ਸੀ, ਜਿਸ ਉਪਰੰਤ ਉਕਤ ਤਿੰਨਾਂ ਗੈਂਗਸਟਰਾਂ ਨੇ ਆਪਣੇ ਹੋਰ ਸਾਥੀਆਂ ਨਾਲ ਵੀਰੂ ਦੇ ਘਰ ਅੰਨ੍ਹੇਵਾਹ ਫਾਇਰਿੰਗ ਕੀਤੀ ਸੀ। ਪਿਛਲੇ ਦਿਨ ਹਰਮਨਜੀਤ ਤੇ ਜੋਬਨ ਨੂੰ 12 ਬੋਰ ਦੀ ਇਕ ਰਾਈਫਲ ਅਤੇ ਪਿਸਤੌਲ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਜਿਨ੍ਹਾਂ ਨੂੰ ਮੁਲਜ਼ਮਾਂ ਨੇ ਵਾਰਦਾਤ ਵਿਚ ਵੀ ਇਸਤੇਮਾਲ ਕੀਤਾ ਸੀ।
ਜਗਰੋਸ਼ਨ ਦੇ ਇਸ਼ਾਰੇ 'ਤੇ ਚੱਲਦਾ ਸੀ ਲਵਲੀ
ਕੇਂਦਰੀ ਜੇਲ 'ਚ ਬੰਦ ਜਗਰੋਸ਼ਨ ਦੇ ਇਸ਼ਾਰੇ 'ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਲਵਲੀ ਹੋਰ ਗੈਂਗਸਟਰਾਂ ਵਿਚ ਇਕ ਕੜੀ ਦਾ ਵੀ ਕੰਮ ਕਰਦਾ ਸੀ। ਪੁਲਸ ਜਿਥੇ ਉਸ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ, ਉਥੇ ਹੀ ਉਸ ਦੀ ਨਿਸ਼ਾਨਦੇਹੀ 'ਤੇ ਕੁਝ ਹੋਰ ਗੈਂਗਸਟਰ ਵੀ ਗ੍ਰਿਫਤਾਰ ਹੋ ਸਕਦੇ ਹਨ।
ਕੀ ਕਹਿਣਾ ਹੈ ਡੀ. ਸੀ. ਪੀ. ਦਾ?
ਡੀ. ਸੀ. ਪੀ. ਜਗਮੋਹਨ ਸਿੰਘ ਦਾ ਕਹਿਣਾ ਹੈ ਕਿ ਗ੍ਰਿਫਤਾਰ ਕੀਤੇ ਗਏ ਗੈਂਗਸਟਰਾਂ ਤੋਂ ਗੰਭੀਰਤਾ ਨਾਲ ਪੁੱਛਗਿੱਛ ਚੱਲ ਰਹੀ ਹੈ, ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਪੁਲਸ ਦੀਆਂ ਵਿਸ਼ੇਸ਼ ਟੀਮਾਂ ਕਈ ਥਾਵਾਂ 'ਤੇ ਰੇਡ ਕਰ ਕੇ ਉਨ੍ਹਾਂ ਦੇ ਸਾਥੀਆਂ ਨੂੰ ਵੀ ਗ੍ਰਿਫਤਾਰ ਕਰਨ ਵਿਚ ਜੁਟੀਆਂ ਹੋਈਆਂ ਹਨ।
ਹੱਤਿਆ ਦੇ ਮਾਮਲੇ 'ਚ ਸਾਰਜ ਤੋਂ ਹੋ ਰਹੀ ਹੈ ਪੁੱਛਗਿੱਛ
ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਜਲੰਧਰ ਦੀ ਟੀਮ ਵੱਲੋਂ ਪ੍ਰੋਡਕਸ਼ਨ ਵਾਰੰਟ 'ਤੇ ਅੰਮ੍ਰਿਤਸਰ ਲਿਆਂਦੇ ਗਏ ਖਤਰਨਾਕ ਗੈਂਗਸਟਰ ਸਾਰਜ ਮਿੰਟੂ ਤੋਂ ਥਾਣਾ ਸੁਲਤਾਨਵਿੰਡ ਦੀ ਪੁਲਸ ਹੱਤਿਆ ਦੇ ਮਾਮਲੇ ਵਿਚ ਗੰਭੀਰਤਾ ਦੇ ਨਾਲ ਪੁੱਛਗਿੱਛ ਕਰ ਰਹੀ ਹੈ। ਜ਼ਿਲਾ ਪੁਲਸ ਵੱਲੋਂ ਸਾਰਜ 'ਤੇ ਦਰਜ 5 ਹੱਤਿਆਵਾਂ ਤੋਂ ਇਲਾਵਾ ਕਈ ਅਪਰਾਧਿਕ ਮਾਮਲੇ ਜਾਂਚ ਲਈ ਰੁਕੇ ਹੋਏ ਸਨ। ਪੁਲਸ ਉਨ੍ਹਾਂ ਸਾਰੇ ਮਾਮਲਿਆਂ ਵਿਚ ਸਾਰਜ ਮਿੰਟੂ ਨੂੰ ਸ਼ਾਮਲ ਕਰ ਰਹੀ ਹੈ। ਦਰਜ ਮਾਮਲਿਆਂ ਤੋਂ ਇਲਾਵਾ ਵੀ ਪੁਲਸ ਸਾਰਜ ਤੋਂ ਖਤਰਨਾਕ ਗੈਂਗਸਟਰ ਸ਼ੁਭਮ ਬਾਰੇ ਵੀ ਪੁੱਛਗਿੱਛ ਕਰ ਰਹੀ ਹੈ।