ਪੰਜਾਬ 'ਚ ਵਧ ਰਿਹੈ ਕੈਂਸਰ ਦਾ ਕਹਿਰ, RTI ਰਾਹੀਂ ਹੋਇਆ ਡਰਾਉਣ ਵਾਲਾ ਖੁਲਾਸਾ

11/17/2023 7:35:55 PM

ਤਪਾ ਮੰਡੀ (ਸ਼ਾਮ,ਗਰਗ)- ਪੂਰੇ ਦੇਸ਼ ਅੰਦਰ ਬੀਮਾਰੀ ਨਾਲ ਮੌਤਾ ਹੋਣ ਦੇ ਕਾਰਨਾਂ ਵਿੱਚੋਂ ਸਭ ਤੋਂ ਮੁੱਖ ਬੀਮਾਰੀ ਕੈਂਸਰ ਹੈ। ਭਾਰਤ ਦੀਆਂ ਔਰਤਾਂ 'ਚ ਛਾਤੀ ਦਾ ਕੈਂਸਰ ਅਤੇ ਮਰਦਾਂ 'ਚ ਸਾਹ ਵਾਲੀ ਨਾਲੀ ਦਾ ਕੈਂਸਰ ਸਭ ਤੋਂ ਵੱਧ ਪਾਇਆ ਜਾਂਦਾ ਹੈ। ਪੰਜਾਬ ’ਚ ਕੈਂਸਰ ਰੋਗੀਆਂ ਦੀ ਗਿਣਤੀ ਅਤੇ ਕੈਂਸਰ ਨਾਲ ਹੋ ਰਹੀਆਂ ਮੌਤਾਂ ਬਾਰੇ ਜਾਣਕਾਰੀ ਲੈਣ ਲਈ ਆਰ.ਟੀ.ਆਈ ਕਾਰਕੁੰਨ ਸੱਤਪਾਲ ਗੋਇਲ ਨੇ ਲੋਕ ਸੂਚਨਾ ਅਫਸਰ ਮਿਨਸਟਰੀ ਆਫ ਹੈਲਥ, ਭਾਰਤ ਸਰਕਾਰ ਤੋਂ ਆਰ.ਟੀ.ਆਈ. ਐਕਟ 2005 ਤਹਿਤ ਜਾਣਕਾਰੀ ਮੰਗੀ ਗਈ ਸੀ। 

ਇਹ ਵੀ ਪੜ੍ਹੋ : ਵਿਦੇਸ਼ੋਂ ਆਏ ਫ਼ੋਨ ਨੇ ਕੱਢੀ ਪੈਰਾਂ ਹੇਠੋਂ ਜ਼ਮੀਨ, ਲਾਰੈਂਸ ਬਿਸ਼ਨੋਈ ਦਾ ਭਰਾ ਦੱਸ ਮੰਗੀ 5 ਕਰੋੜ ਦੀ ਫਿਰੌਤੀ

ਭਾਰਤ ਸਰਕਾਰ ਦੇ ਹੈਲਥ ਵਿਭਾਗ ਨੇ 13/11/2023 ਨੂੰ ਜਾਣਕਾਰੀ ਭੇਜੀ, ਜਿਸ ਮੁਤਾਬਕ ਪਿਛਲੇ ਚਾਰ ਸਾਲਾਂ ਅੰਦਰ ਪੰਜਾਬ 'ਚ ਰੋਜ਼ਾਨਾ 76 ਮੌਤਾਂ ਕੈਂਸਰ ਨਾਲ ਹੁੰਦੀਆਂ ਹਨ ਅਤੇ ਰੋਜ਼ਾਨਾ 107 ਕੈਂਸਰ ਦੇ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਸਾਲ 2022 ਵਿੱਚ ਪੰਜਾਬ 'ਚ ਕੈਂਸਰ ਨਾਲ 23,301 ਲੋਕਾਂ ਦੀ ਮੌਤ ਹੋਈ, ਜਦਕਿ 40,435 ਕੈਂਸਰ ਦੇ ਨਵੇਂ ਮਾਮਲੇ ਸਾਹਮਣੇ ਆਏ। ਪੰਜਾਬ ਦੇ ਮਾਲਵਾ ਖੇਤਰ ਵਿਚ ਇਹ ਬੀਮਾਰੀ ਸਭ ਤੋਂ ਵੱਧ ਪਾਈ ਜਾਂਦੀ ਹੈ। ਮਾਲਵਾ ਖੇਤਰ 'ਚ ਕੈਂਸਰ ਦੇ 110 ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ। ਇਸ ਸਾਲ ਵਿੱਚ 1 ਜਨਵਰੀ 2023 ਤੋਂ 31 ਅਕਤੂਬਰ 2023 ਤੱਕ ਕੈਂਸਰ ਨਾਲ ਔਸਤਨ 63 ਮੌਤਾਂ ਰੋਜ਼ਾਨਾ ਹੋ ਰਹੀਆਂ ਹਨ। 

ਇਹ ਵੀ ਪੜ੍ਹੋ : ਪੰਜਾਬੀ ਗੱਭਰੂ ਦਾ ਕੈਨੇਡਾ 'ਚ ਗੋਲ਼ੀਆ ਮਾਰ ਕੇ ਕਤਲ, ਪਰਿਵਾਰ 'ਚ ਪਿਆ ਚੀਕ-ਚਿਹਾੜਾ

ਪੰਜਾਬ 'ਚ ਸਾਲ 2018 ਵਿੱਚ ਕੈਂਸਰ ਨਾਲ 21,278 ਮੌਤਾਂ, 2019 'ਚ 21,763 ਮੌਤਾਂ, 2020 ਵਿੱਚ 22,276 ਅਤੇ ਸਾਲ 2021 ਵਿੱਚ 22,786 ਮੌਤਾਂ ਹੋਈਆਂ ਹਨ। ਸਾਲ 2019 'ਚ ਕੈਂਸਰ ਦੇ 37,744 ਮਾਮਲੇ, ਸਾਲ 2020 'ਚ 38,636 ਅਤੇ ਸਾਲ 2021 'ਚ 39,521 ਨਵੇਂ ਮਾਮਲੇ ਸਾਹਮਣੇ ਆਏ। ਇੰਡੀਅਨ ਮੈਡੀਕਲ ਕੌਂਸਲ ਆਫ ਰਿਸਰਚ ਵੱਲੋਂ ਚੰਡੀਗੜ੍ਹ, ਸੰਗਰੂਰ, ਮਾਨਸਾ ਅਤੇ ਮੋਹਾਲੀ ਵਿੱਚ ਕੀਤੇ ਗਏ ਇਕ ਸਰਵੇ 'ਚ ਕੈਂਸਰ ਹੋਣ ਦੇ ਜੋ ਕਾਰਨ ਸਾਹਮਣੇ ਆਏ ਹਨ, ਉਨ੍ਹਾਂ ਵਿੱਚ ਸਭ ਤੋਂ ਵੱਧ ਕਾਰਨ ਸ਼ਰਾਬ ਅਤੇ ਸਿਰਗਟ ਦਾ ਸੇਵਨ, ਕੈਮੀਕਲ, ਪ੍ਰਦੂਸ਼ਿਤ ਪਾਣੀ ਦੀ ਵਰਤੋਂ ਹੈ। ਪੰਜਾਬ ਦੇ ਖੇਤੀ ਪ੍ਰਧਾਨ ਸੂਬਾ ਹੋਣ ਦੇ ਕਾਰਨ ਕਿਸਾਨਾਂ ਵੱਲੋਂ ਵੱਧ ਪੈਦਾਵਾਰ ਲੈਣ ਦੀ ਖਾਤਰ ਜ਼ਰੂਰਤ ਤੋਂ ਜਿਆਦਾ ਖਾਦਾਂ ਅਤੇ ਪੈਸਟੀਸਾਈਡਜ਼ ਦੀ ਵਰਤੋਂ ਕੀਤੀ ਜਾ ਰਹੀ ਹੈ, ਜਿਸ ਕਾਰਨ ਕੈਂਸਰ ਫੈਲ ਰਿਹਾ ਹੈ। ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਘਟਾਉਣ ਲਈ ਸਾਨੂੰ ਜੈਵਿਕ ਖੇਤੀ ਨੂੰ ਉਤਸ਼ਾਹਿਤ ਕਰਨ ਦੀ ਜਰੂਰਤ ਹੈ, ਇਹ ਹੁਣ ਦੇ ਸਮੇਂ ਦੀ ਮੰਗ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 

Harpreet SIngh

This news is Content Editor Harpreet SIngh