ਫਾਰਚੂਨਰ ਚਾਲਕ ਨੇ ਖੋਲ੍ਹਿਆ ਸੜਕ ਵਿਚਕਾਰ ਦਰਵਾਜ਼ਾ, ਰਿਟਾ. ਬੈਂਕ ਮੈਨੇਜਰ ਦੀ ਮੌਤ

08/17/2017 7:40:04 AM

ਜਲੰਧਰ, (ਜ. ਬ.)— ਸੜਕ 'ਤੇ ਗਲਤ ਢੰਗ ਨਾਲ ਗੱਡੀ ਖੜ੍ਹੀ ਕਰ ਕੇ ਉਸ ਦਾ ਦਰਵਾਜ਼ਾ ਖੋਲ੍ਹਣਾ ਇਕ ਰਿਟਾਇਰ ਬੈਂਕ ਮੈਨੇਜਰ ਦੀ ਮੌਤ ਦਾ ਕਾਰਨ ਬਣ ਗਿਆ। ਗੱਡੀ ਚਾਲਕ ਨੇ ਲਾਪ੍ਰਵਾਹੀ ਵਰਤਦਿਆਂ ਪਹਿਲਾਂ ਸੜਕ ਵਿਚਕਾਰ ਗੱਡੀ ਰੋਕ ਲਈ ਤੇ ਫਿਰ ਬਿਨਾਂ ਪਿੱਛੇ ਦੇਖੇ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ, ਜਿਸ ਕਾਰਨ ਮੋਟਰਸਾਈਕਲ ਸਵਾਰ ਵਿਅਕਤੀ ਗੱਡੀ ਦੇ ਦਰਵਾਜ਼ੇ ਨਾਲ ਟਕਰਾਉਣ ਨਾਲ ਗੰਭੀਰ ਤੌਰ 'ਤੇ ਜ਼ਖ਼ਮੀ ਹੋ ਗਿਆ ਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ। 
ਮ੍ਰਿਤਕ ਦੀ ਪਛਾਣ ਅਸ਼ੋਕ ਚੋਪੜਾ ਵਾਸੀ ਘਾਹ ਮੰਡੀ ਚੌਕ ਬਸਤੀ ਸ਼ੇਖ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਅਸ਼ੋਕ ਦਾ ਭਰਾ ਰਾਕੇਸ਼ ਚੋਪੜਾ ਜੋ ਕਿ ਓ. ਬੀ. ਸੀ. ਬੈਂਕ 'ਚ ਮੈਨੇਜਰ ਹੈ, ਨੇ ਦੱਸਿਆ ਕਿ ਉਨ੍ਹਾਂ ਦੇ ਵੱਡੇ ਭਰਾ ਜੋ ਬੈਂਕ ਮੈਨੇਜਰ ਰਿਟਾਇਰ ਹਨ ਤੇ ਉਹ ਬੀ. ਐੱਸ. ਐੱਫ. ਚੌਕ ਦੇ ਕੋਲ ਇਕ ਹੋਟਲ ਵਿਚ ਮੈਨੇਜਰ ਦੀ ਨੌਕਰੀ ਕਰਦੇ ਸਨ। ਉਹ ਸਵੇਰੇ ਕਰੀਬ 10 ਵਜੇ ਆਪਣੇ ਘਰ ਤੋਂ ਮੋਟਰਸਾਈਕਲ 'ਤੇ ਨਕੋਦਰ ਚੌਕ ਵਲ ਜਾ ਰਹੇ ਸਨ ਕਿ ਪੁਰਾਣੀ ਭਾਰਗੋ ਕੈਂਪ ਚੌਕੀ ਦੇ ਕੋਲ ਸੜਕ 'ਤੇ ਖੜ੍ਹੀ ਫਾਰਚੂਨਰ ਗੱਡੀ ਦੇ ਚਾਲਕ ਨੇ ਅਚਾਨਕ ਗੱਡੀ ਦਾ ਦਰਵਾਜ਼ਾ ਖੋਲ੍ਹ ਦਿੱਤਾ, ਪਿੱਛਿਓਂ ਆ ਰਹੇ ਮੋਟਰਸਾਈਕਲ ਸਵਾਰ ਅਸ਼ੋਕ ਚੋਪੜਾ ਦਰਵਾਜ਼ੇ ਨਾਲ ਟਕਰਾ ਗਏ ਤੇ ਸਿਰ 'ਤੇ ਗੰਭੀਰ ਸੱਟ ਲੱਗਣ ਨਾਲ ਸੜਕ 'ਤੇ ਹੀ ਡਿੱਗ ਪਏ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਪਰ ਉਨ੍ਹਾਂ ਦੀ ਉਥੇ ਮੌਤ ਹੋ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਭਾਰਗੋ ਕੈਂਪ ਦੇ ਏ. ਐੱਸ. ਆਈ. ਹਰਦੇਵ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਕਬਜ਼ੇ ਵਿਚ ਲਈ ਤੇ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ। ਗੱਡੀ ਚਾਲਕ ਰਾਕੇਸ਼ ਕੁਮਾਰ ਪੁੱਤਰ ਪ੍ਰੇਮ ਕੁਮਾਰ ਵਾਸੀ ਪ੍ਰਤਾਪਪੁਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਨੇ ਮ੍ਰਿਤਕ ਦੇ ਭਰਾ ਰਾਕੇਸ਼ ਚੋਪੜਾ ਦੇ ਬਿਆਨਾਂ ਦੇ ਆਧਾਰ 'ਤੇ ਗੱਡੀ ਚਾਲਕ ਰਾਕੇਸ਼ ਦੇ ਖਿਲਾਫ ਧਾਰਾ 304-ਏ ਤਹਿਤ ਮਾਮਲਾ ਦਰਜ ਕਰ ਲਿਆ ਹੈ।