ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਕੀਤੀਆਂ ਗਈਆਂ ਜਲ ਪ੍ਰਵਾਹ

05/03/2023 6:31:57 PM

ਸ੍ਰੀ ਕੀਰਤਪੁਰ ਸਾਹਿਬ/ਸ੍ਰੀ ਅਨੰਦਪੁਰ ਸਾਹਿਬ/ਸ੍ਰੀ ਮੁਕਤਸਰ ਸਾਹਿਬ (ਵੈੱਬ ਡੈਸਕ)- ਪੰਥ ਰਤਨ ਫਖ਼ਰ-ਏ-ਕੌਮ, ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਅੱਜ ਸ੍ਰੀ ਕੀਰਤਪੁਰ ਸਾਹਿਬ ਦੇ ਇਤਿਹਾਸਕ ਗੁਰਦੁਆਰਾ ਪਤਾਲਪੁਰੀ ਸਾਹਿਬ ਲਾਗੇ ਸਤਲੁਜ ਦਰਿਆ ’ਤੇ ਬਣੇ ਅਸਥਘਾਟ ਘਾਟ ਤੋਂ ਜਲ ਪ੍ਰਵਾਹ ਕਰ ਦਿੱਤੀਆਂ ਗਈਆਂ ਹਨ। 

ਇਹ ਵੀ ਪੜ੍ਹੋ : ਸੁਲਤਾਨਪੁਰ ਲੋਧੀ ਵਿਖੇ ਸਾਬਕਾ ਸਰਪੰਚ ਘਰ 'ਚ ਚੱਲੀਆਂ ਗੋਲੀਆਂ, ਖੂਨੀ ਖੇਡ 'ਚ ਬਦਲੀ ਮਾਮੂਲੀ ਤਕਰਾਰ
ਪਿੰਡ ਬਾਦਲ ਤੋਂ ਉਨ੍ਹਾਂ ਦੇ ਪੁੱਤਰ ਸ. ਸੁਖਬੀਰ ਬਾਦਲ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਲਈ ਕਾਫ਼ਲੇ ਦੇ ਰੂਪ ਵਿਚ ਲੈ ਕੇ ਸਵੇਰੇ ਰਵਾਨਾ ਹੋਏ ਸਨ। ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰ ਦਿੱਤਾ ਗਿਆ।

ਇਸ ਗਮਗੀਨ ਮਾਹੌਲ ਵਿਚ ਸੁਖਬੀਰ ਸਿੰਘ, ਬੀਬੀ ਹਰਸਿਮਰਤ ਕੌਰ ਬਾਦਲ ਤੇ ਹੋਰ ਪਰਿਵਾਰਕ ਮੈਂਬਰਾਂ ਸਮੇਤ ਅਕਾਲੀ ਦਲ ਦੀ ਲੀਡਰਸ਼ਿਪ ਵੀ ਮੌਜੂਦ ਰਹੀ। ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਸਵ. ਸ.ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਤੀਆਂ ਜਲ ਪ੍ਰਵਾਹ ਕਰਨ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਸ਼ਾਸਨ ਵੱਲੋਂ ਪ੍ਰਬੰਧ ਕੀਤੇ ਗਏ ਸਨ। 

ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ 25 ਅਪ੍ਰੈਲ 2023 ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਦੇਸ਼ ਭਰ ਤੋਂ ਵੱਡੇ ਸਿਆਸੀ ਆਗੂ ਅਤੇ ਕਈ ਹਸਤੀਆਂ ਪਿੰਡ ਬਾਦਲ ਵਿਖੇ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚ ਰਹੀਆਂ ਹਨ। ਇਸ ਲਈ ਪਰਿਵਾਰ ਵੱਲੋਂ ਖ਼ਾਸ ਤੌਰ 'ਤੇ ਬੀਤੇ ਦਿਨ ਜਾਣਕਾਰੀ ਸਾਂਝੀ ਕਰਕੇ ਦੱਸਿਆ ਗਿਆ ਸੀ ਕਿ 3 ਮਈ ਨੂੰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਜਲ-ਪ੍ਰਵਾਹ ਕੀਤੀਆਂ ਜਾਣਗੀਆਂ, ਜਿਸ ਦੇ ਚੱਲਦਿਆਂ ਬਾਦਲ ਪਰਿਵਾਰ ਪਿੰਡ ਬਾਦਲ ਵਿਖੇ ਮੌਜੂਦ ਨਹੀਂ ਹੋਵੇਗਾ। 

ਉਥੇ ਹੀ ਦੂਜੇ ਪਾਸੇ 4 ਮਈ ਨੂੰ ਹੋਣ ਵਾਲੀ ਅੰਤਿਮ ਅਰਦਾਸ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦੇਣ ਲਈ ਪਿੰਡ ਬਾਦਲ ਦੇ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿੱਚ ਪੰਡਾਲ ਲਗਾਏ ਜਾ ਰਹੇ ਹਨ।
 

ਅਧਿਕਾਰੀਆਂ ਵੱਲੋਂ ਥਾਂ-ਥਾਂ ਦਾ ਮੁਆਇਨਾ ਕੀਤਾ ਜਾ ਰਿਹਾ ਹੈ ਤਾਂ ਜੋ ਵੀ. ਵੀ. ਆਈ. ਪੀਜ਼. ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਸ ਦੌਰਾਨ ਆਮ ਲੋਕਾਂ ਦੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਪ੍ਰੋਗਰਾਮ ਦਾ ਰੂਟ ਪਲਾਨ ਵੀ ਜਾਰੀ ਕੀਤਾ ਗਿਆ। ਸਥਾਨਕ ਪ੍ਰਸ਼ਾਸਨ ਵੱਲੋਂ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਗਿਆ ਹੈ ਕਿ ਪਿੰਡ ਬਾਦਲ ਵਿੱਚ ਆਉਣ ਵਾਲੇ ਜਾਂ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।

ਇਹ ਵੀ ਪੜ੍ਹੋ : ਡੇਰਾ ਬਾਬਾ ਮੁਰਾਦ ਸ਼ਾਹ ਨਤਮਸਤਕ ਹੋਏ CM ਭਗਵੰਤ ਮਾਨ, ਗਾਇਕ ਗੁਰਦਾਸ ਮਾਨ ਨੇ ਕੀਤਾ ਸਨਮਾਨ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri