ਸਰਦੀਆਂ ਦੀਆਂ ਛੁੱਟੀਆਂ ’ਚ ਸਕੂਲ ਲਗਾਉਣ ਵਾਲੇ ਪ੍ਰਾਈਵੇਟ ਸਕੂਲਾਂ ’ਤੇ ਸਿੱਖਿਆ ਵਿਭਾਗ ਕੱਸੇਗਾ ਸਿਕੰਜ਼ਾ

01/03/2023 4:55:10 PM

ਅੰਮ੍ਰਿਤਸਰ (ਦਲਜੀਤ) : ਪੰਜਾਬ ਸਰਕਾਰ ਵੱਲੋਂ ਧੁੰਦ ਕਾਰਨ ਸਕੂਲਾਂ ’ਚ ਕੀਤੀਆਂ ਗਈਆਂ ਛੁੱਟੀਆਂ ਨੂੰ ਨਜ਼ਰਅੰਦਾਜ਼ ਕਰਨ ਵਾਲੇ ਪ੍ਰਾਈਵੇਟ ਸਕੂਲਾਂ ਦੇ ਖ਼ਿਲਾਫ਼ ਸਿੱਖਿਆ ਵਿਭਾਗ ਸ਼ਿਕੰਜਾ ਕੱਸਣ ਜਾ ਰਿਹਾ ਹੈ। ਵਿਭਾਗ ਤੱਕ ਸ਼ਿਕਾਇਤਾਂ ਪੁੱਜੀਆਂ ਹਨ ਕਿ ਸਰਕਾਰ ਦੇ ਹੁਕਮਾਂ ਦੀ ਅਣਦੇਖੀ ਕਰ ਕੇ ਸਕੂਲ ਖੋਲ੍ਹੇ ਜਾ ਰਹੇ ਹਨ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੇਸ ਸ਼ਰਮਾ ਨੇ ਸਪੱਸ਼ਟ ਕੀਤਾ ਹੈ ਕਿ ਵਿਭਾਗ ਵੱਲੋਂ ਗਠਿਤ ਕੀਤੀ ਟੀਮ ਮੰਗਲਵਾਰ ਤੋਂ ਜ਼ਿਲ੍ਹੇ ਭਰ ਵਿਚ ਛਾਪੇਮਾਰੀ ਕਰੇਗੀ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਸਕੂਲ ਦੀ ਮਾਨਤਾ ਤੁਰੰਤ ਰੱਦ ਕਰ ਦਿੱਤੀ ਜਾਵੇਗੀ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਸੰਘਣੀ ਧੁੰਦ ਕਾਰਨ ਸਰਕਾਰ ਨੇ ਜ਼ਿਲ੍ਹੇ ਭਰ ਦੇ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਦੀਆਂ ਛੁੱਟੀਆਂ ਵਧਾ ਦਿੱਤੀਆਂ ਹਨ। ਇਸ ਤੋਂ ਪਹਿਲਾਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਰਿੰਦਰ ਸਿੰਘ ਨੇ ਧਾਰਾ 144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਅੰਮ੍ਰਿਤਸਰ ਅਧੀਨ ਪੈਂਦੇ ਸਮੂਹ ਸਰਕਾਰੀ, ਅਰਧ-ਸਰਕਾਰੀ, ਪ੍ਰਾਈਵੇਟ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਖੁੱਲ੍ਹਣ ਦਾ ਸਮਾਂ 21 ਦਸੰਬਰ ਤੋਂ 15 ਜਨਵਰੀ 2023 ਤੱਕ ਸਵੇਰੇ 10.30 ਵਜੇ ਕਰ ਦਿੱਤਾ ਹੈ। ਸਕੂਲ ਬੰਦ ਹੋਣ ਦਾ ਸਮਾਂ ਸਬੰਧਤ ਸਕੂਲਾਂ ਵੱਲੋਂ ਪਹਿਲਾਂ ਜਾਰੀ ਕੀਤੇ ਸਡਿਊਲ ਅਨੁਸਾਰ ਹੋਵੇਗਾ। ਉਨ੍ਹਾਂ ਦੱਸਿਆ ਕਿ ਸਰਦੀ ਦਾ ਮੌਸਮ ਸੁਰੂ ਹੋ ਗਿਆ ਹੈ। ਸੰਘਣੀ ਧੁੰਦ ਕਾਰਨ ਸਕੂਲੀ ਬੱਚਿਆਂ ਦੀ ਛੋਟੀ ਉਮਰ ਕਾਰਨ ਸਿਹਤ ਸਬੰਧੀ ਸਮੱਸਿਆਵਾਂ ਹੋਣ ਦਾ ਡਰ ਜਿਆਦਾ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : ਭਾਜਪਾ ਨੇਤਾ ਚੁੱਘ ਨੇ ਰਾਜੌਰੀ ਅੱਤਵਾਦੀ ਹਮਲੇ ਨੂੰ ਦੱਸਿਆ ਨਿੰਦਨਯੋਗ, ਕਿਹਾ ਕਸ਼ਮੀਰ ਦੇ ਵਿਕਾਸ ਤੋਂ ਪ੍ਰੇਸ਼ਾਨ ਹਨ ISI

ਇਸ ਤੋਂ ਇਲਾਵਾ ਸੰਘਣੀ ਧੁੰਦ ਕਾਰਨ ਕਈ ਥਾਵਾਂ ’ਤੇ ਹਾਦਸੇ ਵੀ ਵਾਪਰ ਰਹੇ ਹਨ। ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆਂ ਹਨ। ਮੌਸਮ ਵਿਭਾਗ ਦੀ ਚਿਤਾਵਨੀ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਠੰਡ ਵਧਣ ਦੀ ਸੰਭਾਵਨਾ ਹੈ। ਬੱਚੇ ਦੋ ਅਤੇ ਤਿੰਨ ਪਹੀਆ ਵਾਹਨਾਂ ਅਤੇ ਸਕੂਲੀ ਬੱਸਾਂ ’ਤੇ ਸਕੂਲ ਜਾਂਦੇ ਹਨ। ਸੰਘਣੀ ਧੁੰਦ ਕਾਰਨ ਕਿਸੇ ਸਮੇਂ ਵੀ ਹਾਦਸਾ ਵਾਪਰ ਸਕਦਾ ਹੈ। ਇਸੇ ਲਈ ਸਕੂਲਾਂ ਦਾ ਸਮਾਂ ਵਧਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਸਕੂਲਾਂ ਵਿੱਚ ਛੁੱਟੀਆਂ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹੇ ਭਰ ਦੇ ਕੁਝ ਸਕੂਲ ਪ੍ਰਾਈਵੇਟ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਉਨ੍ਹਾਂ ਨੂੰ ਸੂਚਨਾ ਮਿਲ ਰਹੀ ਹੈ ਕਿ ਛੁੱਟੀਆਂ ਹੋਣ ਦੇ ਬਾਵਜੂਦ ਸਕੂਲ ਖੋਲ੍ਹੇ ਜਾ ਰਹੇ ਹਨ। ਉਨ੍ਹਾਂ ਨੇ ਇਕ ਵਿਸ਼ੇਸ ਟੀਮ ਬਣਾਈ ਹੈ। ਮੰਗਲਵਾਰ ਤੋਂ ਇਹ ਟੀਮ ਜ਼ਿਲ੍ਹੇ ਭਰ ਵਿੱਚ ਛਾਪੇਮਾਰੀ ਕਰੇਗੀ ਅਤੇ ਜੋ ਵੀ ਸਕੂਲ ਨਿਯਮਾਂ ਦੀ ਅਣਦੇਖੀ ਕਰਦਾ ਪਾਇਆ ਗਿਆ ਉਸ ਦੀ ਮਾਨਤਾ ਨੂੰ ਰੱਦ ਕਰ ਦਿੱਤਾ ਜਾਵੇਗਾ। ਸਰਕਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਪੈਨਸ਼ਨ ਦੀ ਅਦਾਇਗੀ ਤੁਰੰਤ ਕਰਨ ਲਈ ਜਨਤਕ ਵਿੱਤੀ ਪ੍ਰਬੰਧਨ ਸਿਮਟਮ ਕੀਤਾ ਲਾਗੂ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 

Anuradha

This news is Content Editor Anuradha