ਨਾਬਾਲਿਗ ਲੜਕੀ ਨੂੰ ਅਗਵਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ

06/28/2017 6:28:45 PM

ਬਟਾਲਾ – ਪੁਰਾਣੀ ਰੰਜਿਸ਼ ਤਹਿਤ ਅਗਵਾ ਕੀਤੀ ਗਈ ਨਾਬਾਲਿਗ ਲੜਕੀ ਦੇ ਮਾਮਲੇ ਨੂੰ ਲੈ ਕੇ ਪਿੰਡ ਦੇ ਕੁਝ ਮੋਹਤਬਰ ਵਿਅਕਤੀਆਂ ਵੱਲੋਂ ਮਾਮਲਾ ਪੁਲਸ ਜ਼ਿਲਾ ਬਟਾਲਾ ਦੇ ਐੱਸ. ਐੱਸ. ਪੀ. ਦੀਪਕ ਹਿਲੌਰੀ ਦੇ ਧਿਆਨ 'ਚ ਲਿਆਉਣ ਤੋਂ ਬਾਅਦ ਸਬੰਧਿਤ ਥਾਣੇ ਊਧਨਵਾਲ ਦੀ ਪੁਲਸ ਵੱਲੋਂ ਜੋਨ ਮਸੀਹ, ਸੱਤਾ ਮਸੀਹ, ਉਸ ਦੀ ਮਾਂ ਅਤੇ ਭੈਣ ਪਿੰਡ ਪੰਜਗਰਾਈਆਂ ਅਤੇ ਗਗਨ ਤੇ ਉਸ ਦੀ ਮਾਂ ਕੰਵਲਜੀਤ ਕੌਰ ਵਾਸੀ ਪਿੰਡ ਧੀਰਾ ਖਿਲਾਫ਼ ਪਰਚਾ ਤਾਂ ਦਰਜ ਕਰ ਲਿਆ ਗਿਆ ਸੀ ਪਰ ਅਜੇ ਤੱਕ ਕੋਈ ਵੀ ਮੁਲਜ਼ਮ ਗ੍ਰਿਫਤਾਰ ਨਹੀਂ ਕੀਤਾ ਗਿਆ, ਜਿਸ ਕਰ ਕੇ ਨਾਬਾਲਿਗ ਲੜਕੀ ਦੀ ਮਾਤਾ ਗੁਰਮੀਤ ਕੌਰ ਪਤਨੀ ਸਤਨਾਮ ਸਿੰਘ ਵਾਸੀ ਪਿੰਡ ਧੀਰਾ ਨੇ ਪੁਲਸ ਦੇ ਉੱਚ ਅਧਿਕਾਰੀਆਂ ਤੋਂ ਇਨਸਾਫ਼ ਦੀ ਗੁਹਾਰ ਲਾਉਂਦਿਆਂ ਮੰਗ ਕੀਤੀ ਹੈ ਕਿ ਲੱਖਾਂ ਰੁਪਏ ਦੀ ਨਕਦੀ, ਸੋਨੇ ਦੇ ਗਹਿਣਿਆਂ ਸਮੇਤ ਮੇਰੀ ਨਾਬਾਲਿਗ ਲੜਕੀ ਨੂੰ ਅਗਵਾ ਕਰਨ ਵਾਲੇ ਉਕਤ ਮੈਂਬਰਾਂ ਨੂੰ ਪਹਿਲ ਦੇ ਆਧਾਰ 'ਤੇ ਗ੍ਰਿਫਤਾਰ ਕੀਤਾ ਜਾਵੇ। ਦਲਿਤ ਭਾਈਚਾਰੇ ਦੀ ਪੀੜਤ ਮਹਿਲਾ ਗੁਰਮੀਤ ਕੌਰ ਨੇ ਸਬੰਧਿਤ ਪੁਲਸ 'ਤੇ ਦੋਸ਼ ਲਾਇਆ ਕਿ ਪੁਲਸ ਜਾਣ-ਬੁੱਝ ਕੇ ਦੋਸ਼ੀਆਂ ਨੂੰ ਨਹੀਂ ਫੜ ਰਹੀ। ਇਸ ਲਈ ਪੁਲਸ ਦੇ ਹੋਰ ਉੱਚ ਅਧਿਕਾਰੀਆਂ ਅਤੇ ਐੱਸ. ਸੀ. ਕਮਿਸ਼ਨ, ਮਨੁੱਖੀ ਅਧਿਕਾਰ ਕਮਿਸ਼ਨ ਅਤੇ ਮਾਣਯੋਗ ਉੱਚ ਨਿਆਂਪਾਲਿਕਾ ਕੋਲੋਂ ਵੀ ਇਨਸਾਫ ਦੀ ਗੁਹਾਰ ਲਾਈ ਜਾਵੇਗੀ ਅਤੇ ਇਹ ਸਾਰਾ ਮਾਮਲਾ ਧਿਆਨ 'ਚ ਲਿਆਂਦਾ ਜਾਵੇਗਾ।
ਕੀ ਕਹਿਣਾ ਹੈ ਚੌਕੀ ਇੰਚਾਰਜ ਦਾ
ਜਦੋਂ ਇਸ ਮਾਮਲੇ ਸਬੰਧੀ ਪੁਲਸ ਚੌਕੀ ਊਧਨਵਾਲ ਦੇ ਇੰਚਾਰਜ ਸਰਦੂਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪੁਲਸ ਵੱਲੋਂ ਜਿਥੇ ਤੁਰੰਤ ਪਰਚਾ ਦਰਜ ਕਰ ਦਿੱਤਾ ਗਿਆ ਹੈ, ਉਥੇ ਨਾਲ ਹੀ ਪਹਿਲੇ ਦਿਨ ਤੋਂ ਲੈ ਕੇ ਹੁਣ ਤੱਕ ਪਿੰਡ ਧੀਰਾ ਅਤੇ ਪਿੰਡ ਪੰਜਗਰਾਈਆਂ ਵਿਖੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰ ਪਰਚੇ 'ਚ ਸ਼ਾਮਲ ਮੁਲਜ਼ਮ ਆਪਣੇ ਘਰਾਂ ਨੂੰ ਤਾਲੇ ਲਾ ਕੇ ਦੌੜ ਗਏ ਹਨ। ਇਸ ਲਈ ਪੁਲਸ ਵੱਲੋਂ ਉਨ੍ਹਾਂ ਦੀ ਭਾਲ ਕਰਨ ਲਈ ਤਕਨੀਕੀ ਢੰਗ ਨਾਲ ਜਾਲ ਵਿਛਾ ਕੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।