ਜ਼ਹਿਰੀਲਾ ਪਦਾਰਥ ਨਿਗਲਣ ਕਾਰਨ ਵਿਅਕਤੀ ਦੀ ਮੌਤ

03/01/2018 6:42:15 AM

ਕਪੂਰਥਲਾ, (ਜ. ਬ.)- ਪਿੰਡ ਦਿਆਲਪੁਰ 'ਚ ਇਕ ਵਿਅਕਤੀ ਵੱਲੋਂ ਕਥਿਤ ਤੌਰ 'ਤੇ ਜ਼ਹਿਰੀਲਾ ਪਦਾਰਥ ਨਿਗਲ ਲੈਣ ਤੋਂ ਬਾਅਦ ਉਸਦੀ ਹਾਲਤ ਵਿਗੜਨ 'ਤੇ ਉਸਦੇ ਪਰਿਜਨਾਂ ਵਲੋਂ ਇਲਾਜ ਲਈ ਹਸਪਤਾਲ 'ਚ ਲਿਆਂਦਾ ਜਾ ਰਿਹਾ ਸੀ ਕਿ ਰਸਤੇ 'ਚ ਹੀ ਉਸਨੇ ਦਮ ਤੋੜ ਦਿੱਤਾ। ਪੁਲਸ ਵੱਲੋਂ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਦੇ ਲਈ ਹਸਪਤਾਲ ਦੇ ਮੁਰਦਾਘਰ 'ਚ ਭੇਜ ਕੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਗਏ ਆਪਣੇ ਬਿਆਨਾਂ 'ਚ ਪਰਮਿੰਦਰ ਸਿੰਘ ਪੁੱਤਰ ਕਮਲਜੀਤ ਸਿੰਘ ਨਿਵਾਸੀ ਮੇਹਤੋਪੁਰ ਨੇ ਦੱਸਿਆ ਕਿ ਉਸਦਾ ਪਿਤਾ ਕਮਲਜੀਤ ਸਿੰਘ ਪੁੱਤਰ ਦਿਲਬਾਗ ਸਿੰਘ ਨਿਵਾਸੀ ਮੇਹਤੋਪੁਰ ਜੋ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਦਿਆਲਪੁਰ 'ਚ ਆਇਆ ਹੋਇਆ ਸੀ। ਉਹ ਕੁਝ ਸਮੇਂ ਤੋਂ ਪੈਸੇ ਦੇ ਲੈਣ ਦੇਣ ਦੇ ਮਾਮਲੇ 'ਚ ਪ੍ਰੇਸ਼ਾਨੀ 'ਚ ਸੀ। ਉਸਨੇ ਅੱਜ ਕੋਈ ਜ਼ਹਿਰੀਲੀ ਚੀਜ਼ ਖਾ ਲਈ, ਜਿਸ ਨਾਲ ਉਸਦੀ ਹਾਲਤ ਵਿਗੜ ਗਈ, ਜਿਸ 'ਤੇ ਉਸਦੇ ਪਰਿਵਾਰ ਵਾਲੇ ਇਲਾਜ ਲਈ ਨਿੱਜੀ ਹਸਪਤਾਲ 'ਚ ਲੈ ਕੇ ਜਾ ਰਹੇ ਸਨ, ਜਿਥੇ ਰਸਤੇ 'ਚ ਹੀ ਉਸਦੀ ਮੌਤ ਹੋ ਗਈ। ਪੁਲਸ ਵਲੋਂ ਧਾਰਾ 174 ਦੇ ਤਹਿਤ ਕਾਰਵਾਈ ਕਰਕੇ ਕਪੂਰਥਲਾ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ ਗਿਆ।