ਡਾਇਰੀਆ ਨਾਲ ਇਕ ਹੋਰ ਮਰੀਜ਼ ਦੀ ਮੌਤ

06/28/2017 7:58:36 AM

ਫਿਲੌਰ, (ਭਾਖੜੀ)- ਨਗਰ ਕੌਂਸਲ ਦੇ ਪ੍ਰਧਾਨ ਦੇ ਵਾਰਡ 'ਚ ਫੈਲੇ ਡਾਇਰੀਆ ਨਾਲ ਅੱਜ ਇਕ ਹੋਰ ਮਰੀਜ਼ ਦੀ ਹਸਪਤਾਲ ਪਹੁੰਚਣ ਦੇ ਇਕ ਘੰਟੇ ਬਾਅਦ ਮੌਤ ਹੋ ਗਈ, ਜਦਕਿ ਵਾਰਡ ਨੰਬਰ 9 ਅਤੇ 10 ਤੋਂ 13 ਹੋਰ ਨਵੇਂ ਮਰੀਜ਼ਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਨਾਲ ਪ੍ਰਧਾਨ ਦੇ ਵਾਰਡ 'ਚ ਫੈਲੇ ਡਾਇਰੀਆ ਨਾਲ ਮਰਨ ਵਾਲਿਆਂ ਦੀ ਗਿਣਤੀ 2 ਹੋ ਗਈ।
ਪ੍ਰਾਪਤ ਸੂਚਨਾ ਅਨੁਸਾਰ ਨਗਰ ਕੌਂਸਲ ਫਿਲੌਰ ਦੇ ਪ੍ਰਧਾਨ ਬਿੱਟੂ ਮਦਾਨ ਦੇ ਵਾਰਡ ਨੰਬਰ 9 'ਚ ਡਾਇਰੀਆ ਨਾਲ ਗੁਲਾਬੀ ਕੋਠੀ ਦੇ ਨੇੜੇ ਰਹਿਣ ਵਾਲੇ ਨਾਜਰ ਸਿੰਘ (55) ਦੀ ਹਸਪਤਾਲ ਪਹੁੰਚਣ ਦੇ 1 ਘੰਟੇ ਬਾਅਦ ਹੀ ਮੌਤ ਹੋ ਗਈ। ਮ੍ਰਿਤਕ ਦੀ ਪਤਨੀ ਜੋਤੀ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਪਤੀ ਨੇ ਅੱਜ ਸਵੇਰੇ ਪੇਟ 'ਚ ਦਰਦ ਦੀ ਸ਼ਿਕਾਇਤ ਕੀਤੀ, ਦੁਪਹਿਰ ਤੱਕ ਉਸ ਨੂੰ ਦਸਤ ਅਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹ ਸ਼ਾਮ 6 ਵਜੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਲੈ ਕੇ ਆਈ, ਜਿਥੇ ਇਕ ਘੰਟੇ ਬਾਅਦ ਉਨ੍ਹਾਂ ਨੇ ਦਮ ਤੋੜ ਦਿੱਤਾ। ਇਲਾਜ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੀ ਹਾਲਤ ਕਾਫੀ ਜ਼ਿਆਦਾ ਖਰਾਬ ਸੀ।
ਜੋਤੀ ਨੇ ਦੋਸ਼ ਲਾਇਆ ਕਿ ਉਨ੍ਹਾਂ ਦੇ ਵਾਰਡ 'ਚ ਪਿਛਲੇ ਕੁਝ ਦਿਨਾਂ ਤੋਂ ਸਰਕਾਰੀ ਟੂਟੀਆਂ 'ਚੋਂ ਆਉਣ ਵਾਲਾ ਪਾਣੀ ਜ਼ਹਿਰੀਲਾ ਅਤੇ ਗੰਦਾ ਆ ਰਿਹਾ ਹੈ। ਡਾਇਰੀਆ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਦੇ ਬਾਵਜੂਦ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਨ੍ਹਾਂ ਦੇ ਘਰਾਂ 'ਚ ਪਾਣੀ 'ਚ ਕਲੋਰੀਨ ਦੀਆਂ ਗੋਲੀਆਂ ਦੇਣ ਨਹੀਂ ਆਇਆ, ਜਿਸ ਕਾਰਨ ਮਜਬੂਰੀ 'ਚ ਉਨ੍ਹਾਂ ਨੂੰ ਜ਼ਹਿਰੀਲਾ ਪਾਣੀ ਪੀਣਾ ਪੈ ਰਿਹਾ ਹੈ। ਡਾਇਰੀਆ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਸਰਜਨ ਜਲੰਧਰ ਮਨਿੰਦਰ ਕੌਰ ਨੇ ਵਾਰਡ ਨੰ. 9 ਅਤੇ 10 ਦਾ ਦੌਰਾ ਕਰ ਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟੂਟੀਆਂ 'ਚ ਆਉਣ ਵਾਲੇ ਪਾਣੀ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਘਰਾਂ 'ਚ ਹੁਣ ਤੱਕ 15 ਹਜ਼ਾਰ ਗੋਲੀਆਂ ਵੰਡੀਆਂ ਜਾ ਚੁੱਕੀਆਂ ਹਨ।  ਕੋਈ ਸ਼ਹਿਰ ਵਾਸੀ ਬਿਨਾਂ ਗੋਲੀ ਪਾਏ ਪੀਣ ਵਾਲੇ ਪਾਣੀ ਦਾ ਸੇਵਨ ਨਾ ਕਰਨ। ਉਨ੍ਹਾਂ ਨਾਲ ਮੌਜੂਦ ਵਾਟਰ ਸਪਲਾਈ ਵਿਭਾਗ ਦੀ ਐਕਸੀਅਨ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ 15 ਵਾਰਡਾਂ ਦੇ ਪਾਣੀ ਦੇ ਸੈਂਪਲ ਭਰ ਕੇ ਜਾਂਚ ਲਈ ਭੇਜ ਦਿੱਤੇ ਗਏ ਹਨ। ਜਦ ਤੱਕ ਰਿਪੋਰਟ ਨਹੀਂ ਆਉਂਦੀ ਤਦ ਤੱਕ ਕੋਈ ਵੀ ਸ਼ਹਿਰ ਵਾਸੀ ਬਿਨਾਂ ਉਬਾਲੇ ਪਾਣੀ ਦਾ ਸੇਵਨ ਨਾ ਕਰਨ। ਵਿਸ਼ੇਸ਼ ਕਰਕੇ ਬੱਚਿਆਂ ਦਾ ਧਿਆਨ ਰੱਖਣ।