ਬਿਜਲੀ ਬਿੱਲਾਂ ਦਾ ਭੁਗਤਾਨ ਨਾ ਹੋਣ ’ਤੇ ਮੰਡੀ ’ਚ ਛਾਇਆ ਹਨੇਰਾ

12/14/2019 11:38:45 PM

ਮੌਡ਼ ਮੰਡੀ, (ਪ੍ਰਵੀਨ)- ਨਗਰ ਕੌਂਸਲ ਮੌਡ਼ ਮੰਡੀ ਦਾ ਬਿਜਲੀ ਬਿੱਲਾਂ ਦਾ 4.33 ਕਰੋਡ਼ ਰੁਪਏ ਦਾ ਬਕਾਇਆ ਮੰਡੀ ਵਾਸੀਆਂ ਦੀ ਸੁਰੱਖਿਆ ਨੂੰ ਖਤਰੇ ’ਚ ਪਾ ਰਿਹਾ ਹੈ ਜਦੋਂ ਕਿ ਅਧਿਕਾਰੀਆਂ ਦੀ ਮਿਲੀਭੁਗਤ ਦੇ ਕਾਰਣ ਵਾਧੂ ਕੰਮਾਂ ਦੇ ਨਾਂ ’ਤੇ ਆਪਣੇ ਚਹੇਤੇ ਠੇਕੇਦਾਰਾਂ ਨੂੰ ਲੱਖਾਂ ਰੁਪਏ ਦੇ ਚੈੱਕ ਕੱਟ ਕੇ ਨਗਰ ਕੌਂਸਲ ਮੌਡ਼ ਨੂੰ ਕੰਗਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਨਗਰ ਕੌਂਸਲ ਮੌਡ਼ ਦੇ ਵਾਰਡ ਨੰਬਰ 17 ਦੇ ਕੌਂਸਲਰ ਗੁਰਜੀਤ ਪਾਲ ਸਿੰਘ ਗਿੰਨੀ ਨੇ ਸ਼ਹਿਰ ਦੀਆਂ ਸਟਰੀਟ ਲਾਈਟਾਂ ਦੀ ਬਿਜਲੀ ਕੱਟੇ ਜਾਣ ’ਤੇ ਸ਼ਹਿਰ ’ਚ ਛਾਏ ਹਨੇਰੇ ਸਬੰਧੀ ਗੱਲਬਾਤ ਕਰਦੇ ਕੀਤਾ।

ਕੌਂਸਲਰ ਗਿੰਨੀ ਨੇ ਕਿਹਾ ਕਿ ਮੰਡੀ ਵਾਸੀ ਨਗਰ ਕੌਂਸਲ ਮੌਡ਼ ਨੂੰ ਅਨੇਕਾਂ ਰੂਪ ’ਚ ਕਰੋਡ਼ਾਂ ਰੁਪਏ ਟੈਕਸ ਅਦਾ ਕਰਦੇ ਹਨ ਪਰ ਕਾਰਜ ਸਾਧਕ ਅਫ਼ਸਰ ਅਤੇ ਪ੍ਰਧਾਨ ਦੀ ਅਣਗਹਿਲੀ ਕਾਰਣ ਅੱਜ ਮੰਡੀ ਵਾਸੀ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰ ਰੋਜ਼ਾਨਾ ਹੀ ਲੁੱਟ-ਖੋਹ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਪਰ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਾ ਕਰ ਕੇ ਲੁੱਟਾਂ-ਖੋਹਾਂ ਦੇ ਕੰਮ ਨੂੰ ਨਗਰ ਕੌਂਸਲ ਮੌਡ਼ ਨੇ ਹੋਰ ਸੁਖਾਲਾ ਕਰਦੇ ਹੋਏ ਲੋਕਾਂ ਦੀ ਜਾਨ-ਮਾਲ ਨੂੰ ਖਤਰੇ ’ਚ ਪਾ ਦਿੱਤਾ ਹੈ।

ਨਗਰ ਕੌਂਸਲ ਦੀ ਲੁੱਟ ਨੂੰ ਰੋਕਿਆ ਜਾਵੇ : ਕੌਂਸਲਰ

ਉਨ੍ਹਾਂ ਉੱਚ ਅਧਿਕਾਰੀਆਂ ’ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਵੇਂ ਅਰਬਨ ਮਿਸ਼ਨ ਦੇ ਹੋਏ ਕੰਮਾਂ ਤੋਂ ਕਿਤੇ ਵੱਧ ਕੰਮਾਂ ਦੇ ਬਿੱਲਾਂ ਦਾ ਭੁਗਤਾਨ ਨਗਰ ਕੌਂਸਲ ਮੌਡ਼ ਵੱਲੋਂ ਕੀਤਾ ਜਾ ਚੁੱਕਾ ਹੈ ਪਰ ਮਿਲੀ ਭੁਗਤ ਦੇ ਕਾਰਣ ਅੱਜ ਵੀ ਵਾਧੂ ਕੰਮਾਂ ਦੇ ਨਾਂ ’ਤੇ ਲੱਖਾਂ ਰੁਪਏ ਦੇ ਚੈੱਕ ਠੇਕੇਦਾਰਾਂ ਨੂੰ ਕੱਟੇ ਜਾ ਰਹੇ ਹਨ ਜਦੋਂ ਕਿ ਜ਼ਰੂਰੀ ਕੰਮਾਂ ਦੇ ਬਿੱਲਾਂ ਦੇ ਭੁਗਤਾਨ ਕਰਨ ’ਚ ਨਗਰ ਕੌਂਸਲ ਫੇਲ ਹੋ ਰਹੀ ਹੈ। ਇਸ ਕਾਰਣ ਇਕ ਵਾਰ ਫਿਰ ਸ਼ਹਿਰ ਹਨੇਰੇ ’ਚ ਡੁੱਬ ਚੁੱਕਾ ਹੈ। ਉਨ੍ਹਾਂ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸ਼ਹਿਰ ਵਾਸੀਆਂ ਦੀ ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਬਿਜਲੀ ਦੇ ਬਿੱਲ ਪਹਿਲ ਦੇ ਅਧਾਰ ’ਤੇ ਅਦਾ ਕਰਵਾਏ ਜਾਣ ਅਤੇ ਵਾਧੂ ਕੰਮਾਂ ਦੇ ਨਾਂ ’ਤੇ ਕੱਟੇ ਜਾਂਦੇ ਚੈੱਕਾਂ ’ਤੇ ਰੋਕ ਲਾ ਕੇ ਨਗਰ ਕੌਂਸਲ ਦੀ ਲੁੱਟ ਨੂੰ ਰੋਕਿਆ ਜਾਵੇ।

ਜੋਡ਼ ਦਿੱਤੇ ਹਨ ਸਟਰੀਟ ਲਾਈਟਾਂ ਦੇ ਕੁਨੈਕਸ਼ਨ : ਜੇ. ਈ.

ਇਸ ਸਬੰਧੀ ਪਾਵਰਕਾਮ ਦੇ ਜੇ. ਈ. ਗੁਰਚਰਨ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਨਗਰ ਕੌਂਸਲ ਮੌਡ਼ ਵੱਲ 4.33 ਕਰੋਡ਼ ਰੁਪਏ ਬਕਾਇਆ ਹਨ, ਜਿਸ ਕਰ ਕੇ ਸਟਰੀਟ ਲਾਈਟਾਂ ਦੇ ਕੁਨੈਕਸ਼ਨ ਕੱਟੇ ਗਏ ਸਨ ਪਰ ਹੁਣ ਨਗਰ ਕੌਂਸਲ ਮੌਡ਼ ਨੇ 25 ਲੱਖ ਰੁਪਏ ਦਾ ਭੁਗਤਾਨ ਕਰ ਦਿੱਤਾ ਹੈ, ਜਿਸ ਕਰ ਕੇ ਦੁਬਾਰਾ ਕੁਨੈਕਸ਼ਨ ਜੋਡ਼ ਦਿੱਤੇ ਗਏ ਹਨ।

ਪਿਛਲੇ ਸਮੇਂ ਦਾ ਪੈਂਡਿੰਗ ਹੈ ਬਿਜਲੀ ਦਾ ਬਕਾਇਆ : ਕਾਰਜ ਸਾਧਕ ਅਫ਼ਸਰ

ਇਸ ਸਬੰਧੀ ਕਾਰਜ ਸਾਧਕ ਅਫ਼ਸਰ ਭਰਤਵੀਰ ਸਿੰਘ ਨੇ ਕਿਹਾ ਕਿ ਬਿਜਲੀ ਦਾ ਬਕਾਇਆ ਪਿਛਲੇ ਸਮੇਂ ਦਾ ਹੈ। ਬਾਕੀ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਨਗਰ ਕੌਂਸਲ ਮੌਡ਼ ਦੇ 2 ਫੀਸਦੀ ਟੈਕਸ ਅਤੇ ਚੂੰਗੀ ਆਦਿ ਅਡਜਸਟ ਕਰਨ ਬਾਰੇ ਲਿਖਿਆ ਗਿਆ ਹੈ। ਜਨਤਾ ਦੇ ਹਿੱਤ ਨੂੰ ਦੇਖਦੇ ਹੋਏ ਇਕ ਵਾਰ 25 ਲੱਖ ਰੁਪਏ ਦਾ ਭੁਗਤਾਨ ਕਰ ਦਿੱਤਾ ਗਿਆ ਹੈ। ਵਾਧੂ ਕੰਮਾਂ ਦੇ ਚੈੱਕਾਂ ਸਬੰਧੀ ਉਨ੍ਹਾਂ ਕਿਹਾ ਕਿ ਮੇਰੇ ਵੱਲੋਂ ਕੋਈ ਭੁਗਤਾਨ ਨਹੀਂ ਕੀਤਾ ਗਿਆ ਜੇਕਰ ਕਿਸੇ ਪਹਿਲੇ ਅਫ਼ਸਰ ਨੇ ਕੀਤਾ ਹੋਵੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ।

Bharat Thapa

This news is Content Editor Bharat Thapa