ਅਦਾਲਤ ਨੇ ਇਸ ਲਈ ਕੀਤੀ ਹਨੀਪ੍ਰੀਤ ਦੀ ਜ਼ਮਾਨਤ ਰੱਦ

09/27/2017 2:30:16 PM

ਨਵੀਂ ਦਿੱਲੀ — ਦਿੱਲੀ ਹਾਈਕੋਰਟ ਨੇ ਬਲਾਤਕਾਰ ਦੇ 2 ਮਾਮਲਿਆਂ 'ਚ ਰਾਮ ਰਹੀਮ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਹਿੰਸਾ ਭੜਕਾਉਣ ਅਤੇ ਦੇਸ਼ਧ੍ਰੋਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਪ੍ਰਿਅੰਕਾਂ ਤਨੇਜਾ ਉਰਫ ਹਨੀਪ੍ਰੀਤ ਇੰਸਾ ਦੀ ਮੰਗਲਵਾਰ ਨੂੰ ਟ੍ਰਾਂਜਿਟ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਹੈ ਕਿ ਹਨੀਪ੍ਰੀਤ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੇ 25 ਅਗਸਤ ਨੂੰ ਦੋਸ਼ੀ ਸਾਬਤ ਹੋਣ ਤੋਂ ਬਾਅਦ ਫੈਲੀ ਹਿੰਸਾ ਤੋਂ ਬਾਅਦ ਤੋਂ ਹੀ ਗ੍ਰਿਫਤਾਰੀ ਅਤੇ ਅਦਾਲਤ ਨੂੰ ਸਹਿਯੋਗ ਦੇਣ ਤੋਂ ਬੱਚ ਰਹੀ ਹੈ। ਜਸਟਿਸ ਸੰਗੀਤਾ ਢੀਂਗਰਾ ਸਹਿਗਲ ਨੇ ਕਿਹਾ ਕਿ ਰਾਮ ਰਹੀਮ ਦੀ ਮੂੰਹਬੋਲੀ ਧੀ ਹਨੀਪ੍ਰੀਤ ਦੀ ਅਰਜ਼ੀ ਸਹੀ ਨਹੀਂ ਹੈ ਅਤੇ ਇਸ ਸਮੇਂ ਹਾਸਲ ਕਰਨ ਅਤੇ ਹਰਿਆਣਾ ਦੇ ਪੰਚਕੂਲਾ ਦੀ ਅਦਾਲਤ 'ਚ ਚਲ ਰਹੀ ਸੁਣਵਾਈ ਨੂੰ ਰੱਦ ਕਰਨ ਦੇ ਲਈ ਦਾਖਲ ਕੀਤਾ ਗਿਆ ਹੈ।


ਅਦਾਲਤ ਨੇ ਕਿਹਾ ਕਿ ਹਨੀਪ੍ਰੀਤ ਨੇ ਜਾਂਚ 'ਚ ਸ਼ਾਮਲ ਹੋਣ ਜਾਂ ਆਤਮ ਸਮਰਪਣ ਨੂੰ ਲੈ ਕੇ ਵਚਨਬੱਧਤਾ ਨਹੀਂ ਦਿਖਾਈ। ਉਹ ਰਾਮ ਰਹੀਮ ਦੇ ਦੋਸ਼ੀ ਕਰਾਰ ਹੋਣ ਤੋਂ ਬਾਅਦ ਤੋਂ ਹੀ ਫਰਾਰ ਹੈ। ਅਦਾਲਤ ਨੇ ਕਿਹਾ ਹੈ ਕਿ ਰਾਹਤ ਦੇ ਲਈ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਉਣ 'ਚ ਸਮਰਥ ਹੋਣ ਦੇ ਲਈ ਗ੍ਰਿਫਤਾਰੀ ਤੋਂ ਬਚਾਓ ਦੇ ਲਈ ਉਨ੍ਹਾਂ ਦੀ ਪਟੀਸ਼ਨ 'ਚ ਦਮ ਨਹੀਂ ਹੈ।
ਅਦਾਲਤ ਨੇ ਕਿਹਾ ਕਿ ਹਨੀਪ੍ਰੀਤ ਦੇ ਖਿਲਾਫ ਲੁੱਕਆਊਟ ਨੋਟਿਸ ਜਾਰੀ ਹੋਣ ਦੇ ਬਾਵਜੂਦ ਉਸਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਸ ਵਲੋਂ ਕੀਤੀਆਂ ਕੋਸ਼ਿਸ਼ਾਂ ਦਾ ਕੋਈ ਨਤੀਜਾ ਨਹੀਂ ਨਿਕਲਿਆ ਹੈ। ਜਸਟਿਸ ਨੇ ਇਹ ਵੀ ਕਿਹਾ ਕਿ ਪੇਸ਼ਗੀ ਜ਼ਮਾਨਤ ਦੇਣਾ ਅਦਾਲਤ ਦਾ ਜੂਡੀਸ਼ੀਅਲ ਵਿਸ਼ੇਸ਼ ਅਧਿਕਾਰ ਹੈ ਅਤੇ ਇਸ ਦਾ ਇਸਤੇਮਾਲ ਧਿਆਨ ਨਾਲ ਕੀਤਾ ਜਾਣਾ ਚਾਹੀਦਾ ਹੈ ਅਤੇ ਅਦਾਲਤ ਦਾ ਸੰਤੁਸ਼ਟ ਹੋਣਾ ਵੀ ਹੈ ਕਿ ਅਰਜ਼ੀ ਸਹੀ ਅਧਾਰ 'ਤੇ ਦਾਇਰ ਕੀਤੀ ਗਈ ਹੈ ਅਤੇ ਇਹ ਵੀ ਦੇਖਣਾ ਕਿ ਅਰਜ਼ੀਕਰਤਾ ਨੇ ਕਿਸੇ ਤਰ੍ਹਾਂ ਦੀ ਹੇਰਾਫੇਰੀ ਨਹੀਂ ਕੀਤੀ ਹੈ।


ਹਾਈਕੋਰਟ ਨੇ ਇਸ ਤੋਂ ਪਹਿਲਾਂ ਹਨੀਪ੍ਰੀਤ(36) ਸਾਲ ਦਿੱਲੀ ਅਤੇ ਹਰਿਆਣਾ ਪੁਲਸ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਉਸਦੀ ਜ਼ਮਾਨਤ ਪਟੀਸ਼ਨ 'ਤੇ ਆਦੇਸ਼ ਸੁਰੱਖਿਅਤ ਰੱਖੇ ਸਨ। ਸੁਣਵਾਈ ਦੇ ਦੌਰਾਨ, ਹਾਈ ਕੋਰਟ ਨੇ ਉਸਦੇ ਸਾਹਮਣੇ ਪੇਸ਼ਗੀ ਜ਼ਮਾਨਤ ਪਟੀਸ਼ਨ ਦਾਇਰ ਕਰਨ 'ਤੇ ਹਨੀਪ੍ਰੀਤ 'ਤੇ ਸਵਾਲ ਕੀਤੇ ਅਤੇ ਕਿਹਾ ਕਿ ਉਹ ਹਰਿਆਣੇ ਦੀ ਸਥਾਈ ਵਸਨੀਕ ਹੈ ਅਤੇ 'ਤੁਹਾਡੇ ਲਈ ਸਭ ਤੋਂ ਅਸਾਨ ਤਰੀਕਾ ਸਮਰਪਣ ਕਰਨਾ ਹੈ।' ਦਿੱਲੀ ਅਤੇ ਹਰਿਆਣਾ ਪੁਲਸ ਦੇ ਵਕੀਲਾਂ ਨੇ ਹਨੀਪ੍ਰੀਤ ਦੀ ਪਟੀਸ਼ਨ ਦਾ ਸਖਤ ਵਿਰੋਧ ਕੀਤਾ ਹੈ ਅਤੇ ਕਿਹਾ ਕਿ ਦਿੱਲੀ ਦੀ ਇਕ ਜਾਇਦਾਦ ਦਾ ਗਲਤ ਪਤਾ ਦੇ ਕੇ ਉਹ ਅਦਾਲਤ ਨੂੰ ਕੁਰਾਹੇ ਪਾ ਰਹੀ ਹੈ। ਟ੍ਰਾਂਜਿਟ ਪੇਸ਼ਗੀ ਜ਼ਮਾਨਤ ਪਟੀਸ਼ਨ ਇਕ ਸਥਾਨ ਤੋਂ ਦੂਸਰੇ ਸਥਾਨ 'ਤੇ ਜਾਣ ਦੇ ਦੌਰਾਨ ਗ੍ਰਿਫਤਾਰੀ ਤੋਂ ਬਚਾਅ ਦੇ ਲਈ ਹੁੰਦੀ ਹੈ। ਹਨੀਪ੍ਰੀਤ ਰਾਜਧ੍ਰੋਹ ਦੇ ਮਾਮਲੇ 'ਚ ਜਾਂਚ 'ਚ ਸ਼ਾਮਲ ਹੋਣ ਦੇ ਲਈ ਦਿੱਲੀ ਤੋਂ ਹਰਿਆਣਾ ਜਾਣ ਦੇ ਦੌਰਾਨ ਗ੍ਰਿਫਤਾਰੀ ਤੋਂ ਬਚਾਅ ਦੀ ਮੰਗ ਕਰ ਰਹੀ ਹੈ।