ਐਤਵਾਰ 11 ਵਜੇ ਫਿਰ ਸੱਦੀ ਗਈ ਕਾਂਗਰਸ ਵਿਧਾਇਕ ਦਲ ਦੀ ਬੈਠਕ

09/19/2021 1:29:33 AM

ਚੰਡੀਗੜ੍ਹ(ਰਮਨਜੀਤ)– ਪੰਜਾਬ ਕਾਂਗਰਸ ਵਿਧਾਇਕ ਦਲ ਦੀ ਸ਼ਨੀਵਾਰ ਨੂੰ ਹੋਈ ਬੈਠਕ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅਸਤੀਫ਼ਾ ਦੇਣ ਤੋਂ ਬਾਅਦ ਐਤਵਾਰ ਨੂੰ ਫਿਰ ਤੋਂ ਕਾਂਗਰਸ ਵਿਧਾਇਕ ਦਲ ਦੀ ਬੈਠਕ ਬੁਲਾਈ ਗਈ ਹੈ। ਇਹ ਬੈਠਕ ਵੀ ਪੰਜਾਬ ਕਾਂਗਰਸ ਭਵਨ ਵਿਚ ਆਯੋਜਿਤ ਹੋਵੇਗੀ।

ਇਹ ਵੀ ਪੜ੍ਹੋ- ਵੱਡੀ ਖ਼ਬਰ: ਕੈਪਟਨ ਤੋਂ ਬਾਅਦ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਵੀ ਦਿੱਤਾ ਅਸਤੀਫ਼ਾ (ਵੀਡੀਓ)
ਜਾਣਕਾਰੀ ਮੁਤਾਬਿਕ ਸ਼ਨੀਵਾਰ ਨੂੰ ਹੋਈ ਵਿਧਾਇਕ ਦਲ ਦੀ ਬੈਠਕ ਵਿਚ ਪਾਸ ਹੋਏ ਮਤਿਆਂ ਮੁਤਾਬਿਕ ਵਿਧਾਇਕਾਂ ਵਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਅਧਿਕਾਰ ਸੌਂਪਿਆ ਗਿਆ ਸੀ, ਜਿਸ ਤੋਂ ਬਾਅਦ ਹਾਈਕਮਾਨ ਵਲੋਂ ਸੀ. ਐੱਲ. ਪੀ. ਲੀਡਰ ਦਾ ਐਲਾਨ ਕੀਤੇ ਜਾਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਪਾਰਟੀ ਵਲੋਂ ਐਤਵਾਰ ਸਵੇਰੇ 11 ਵਜੇ ਦੁਬਾਰਾ ਕਾਂਗਰਸ ਵਿਧਾਇਕ ਦਲ ਦੀ ਬੈਠਕ ਸੱਦ ਲਈ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈਕਮਾਨ ਵਲੋਂ ਨਵੇਂ ਨੇਤਾ ਦੇ ਐਲਾਨ ਦੀ ਜ਼ਿੰਮੇਵਾਰੀ ਵੀ ਕੇਂਦਰ ਵਲੋਂ ਭੇਜੇ ਗਏ ਆਬਜ਼ਰਵਰਾਂ ਅਜੈ ਮਾਕਨ ਅਤੇ ਹਰੀਸ਼ ਚੌਧਰੀ ਅਤੇ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਦੀ ਹੀ ਲਗਾਈ ਗਈ ਹੈ। ਪਾਰਟੀ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਐਤਵਾਰ 11 ਵਜੇ ਹੋਣ ਵਾਲੀ ਵਿਧਾਇਕ ਦਲ ਦੀ ਬੈਠਕ ਵਿਚ ਮੁੱਖ ਮੰਤਰੀ ਦਾ ਨਾਮ ਐਲਾਨ ਹੋਣ ਦੇ ਨਾਲ-ਨਾਲ ਹੀ ਮੰਤਰੀਆਂ ਦੀ ਸੂਚੀ ਵੀ ਰੱਖੀ ਜਾ ਸਕਦੀ ਹੈ।

Bharat Thapa

This news is Content Editor Bharat Thapa