ਕੈਪਟਨ ''ਤੇ ਹੀ ਭਾਰੀ ਪੈਣ ਲੱਗੇ ਕੈਪਟਨ ਦੇ ਦਰਬਾਰੀ

01/23/2018 8:00:03 AM

ਜਲੰਧਰ, (ਰਵਿੰਦਰ ਸ਼ਰਮਾ)- 10 ਸਾਲ ਸੱਤਾ ਤੋਂ ਬਾਹਰ ਰਹਿਣ ਤੋਂ ਬਾਅਦ ਸੱਤਾ ਵਿਚ ਪਰਤੀ ਕਾਂਗਰਸ ਸਰਕਾਰ ਤੋਂ 10 ਮਹੀਨਿਆਂ ਵਿਚ ਹੀ ਜਨਤਾ ਦਾ ਮੋਹ ਭੰਗ ਹੋਣ ਲੱਗਾ ਹੈ। ਪੰਜਾਬ ਦੀ ਜਨਤਾ ਨੇ ਅਕਾਲੀ-ਭਾਜਪਾ ਨੂੰ ਨਕਾਰਦਿਆਂ ਕਾਂਗਰਸ ਨੂੰ ਭਾਰੀ ਬਹੁਮਤ ਨਾਲ ਜਿਤਾਇਆ, ਪਰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣਦਿਆਂ ਹੀ ਸੱਤਾ ਵਿਚ ਅਜਿਹੇ ਸਮਾਏ ਕਿ ਆਪਣਾ ਕੰਮਕਾਜ ਹੀ ਭੁੱਲ ਗਏ। ਕੈਪਟਨ ਨੇ ਆਪਣਾ ਸਾਰਾ ਕੰਮਕਾਜ ਆਪਣੇ ਦਰਬਾਰੀਆਂ 'ਤੇ ਛੱਡ ਦਿੱਤਾ। ਜਿਸ ਦਾ ਖਮਿਆਜ਼ਾ ਹੁਣ ਕੈਪਟਨ ਸਰਕਾਰ ਨੂੰ ਭੁਗਤਣਾ ਪੈ ਰਿਹਾ ਹੈ। ਕੈਪਟਨ ਦੇ ਇਨ੍ਹਾਂ 'ਤੇ ਜ਼ਿਆਦਾ ਵਿਸ਼ਵਾਸ ਕਰਨ ਅਤੇ ਖੁਦ ਕੰਮਕਾਜ ਤੋਂ ਦੂਰ ਰਹਿਣ ਕਾਰਨ ਸਾਰਾ ਕੰਮਕਾਜ ਗਲਤ ਦਿਸ਼ਾ ਵੱਲ ਜਾਣ ਲੱਗਾ ਹੈ। ਇਹੀ ਕਾਰਨ ਹੈ ਕਿ ਦਰਬਾਰੀ ਬੇਲਗਾਮ ਹੋ ਚੁੱਕੇ ਹਨ ਤੇ ਉਨ੍ਹਾਂ ਕਾਰਨ ਸਰਕਾਰ ਦਾ ਅਕਸ ਲਗਾਤਾਰ ਜਨਤਾ ਵਿਚ ਧੁੰਦਲਾ ਹੋ ਰਿਹਾ ਹੈ।
ਕੈਪਟਨ ਅਮਰਿੰਦਰ ਨੇ ਸੱਤਾ ਸੰਭਾਲਦਿਆਂ ਹੀ ਆਪਣੀ ਕੈਬਨਿਟ ਦਾ ਆਕਾਰ ਬੇਹੱਦ ਛੋਟਾ ਰੱਖਿਆ। ਕਾਰਨ ਦੱਸਿਆ ਕਿ ਸੂਬਾ ਆਰਥਿਕ ਸੰਕਟ ਵਿਚੋਂ ਲੰਘ ਰਿਹਾ ਹੈ ਤੇ ਅਜੇ ਸਰਕਾਰ 'ਤੇ ਜ਼ਿਆਦਾ ਬੋਝ ਨਹੀਂ ਪਾ ਸਕਦੇ। ਭਾਵੇਂ ਕੈਪਟਨ ਦੇ ਇਸ ਫੈਸਲੇ ਤੋਂ ਪਾਰਟੀ ਦੇ ਵਿਧਾਇਕ ਹੀ ਨਾਰਾਜ਼ ਨਜ਼ਰ ਆਏ। ਇਸ ਤੋਂ ਉਲਟ ਕੈਪਟਨ ਨੇ ਆਪਣੀ ਖਾਸਮਖਾਸ ਜੁੰਡਲੀ ਨੂੰ ਜ਼ਿਆਦਾ ਤਰਜੀਹ ਦਿੱਤੀ। 10 ਦੇ ਕਰੀਬ ਓ. ਐੱਸ. ਡੀ. ਲਗਾ ਦਿੱਤੇ। ਕਈ ਬੇ-ਫਜ਼ੂਲ ਸਲਾਹਕਾਰ ਨਿਯੁਕਤ ਕਰਕੇ ਸਰਕਾਰੀ ਖਜ਼ਾਨੇ 'ਤੇ ਬੋਝ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਹੁਣ 10 ਮਹੀਨੇ ਵਿਚ ਕੈਪਟਨ ਦੇ ਇਹ ਫੈਸਲੇ ਜਨਤਾ 'ਤੇ ਭਾਰੀ ਪੈਣ ਲੱਗੇ ਹਨ। 40 ਤੋਂ ਵੱਧ ਅਹਿਮ ਵਿਭਾਗ ਇਕੱਲੇ ਕੈਪਟਨ ਨੇ ਆਪਣੇ ਕੋਲ ਰੱਖੇ ਹੋਏ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਵਿਚੋਂ ਕਈ ਵਿਭਾਗ ਤਾਂ ਰੋਜ਼ਾਨਾ ਕੰਮਕਾਜ ਦੀ ਸਮੀਖਿਆ ਮੰਗਦੇ ਹਨ ਪਰ ਹਕੀਕਤ ਇਹ ਹੈ ਕਿ ਕੈਪਟਨ 10 ਮਹੀਨਿਆਂ ਵਿਚ ਇਨ੍ਹਾਂ ਦੀ ਇਕ ਵਾਰ ਵੀ ਸਮੀਖਿਆ ਨਹੀਂ ਕਰ ਸਕੇ ਹਨ। ਹੁਣ ਨਵੀਂ ਗੱਲ ਇਹ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਕੈਪਟਨ ਸੈਕਟਰੀਏਟ ਸਥਿਤ ਆਪਣੇ ਆਫਿਸ ਵਿਚ ਪੈਰ ਵੀ ਨਹੀਂ ਧਰਦੇ। 
ਸੂਤਰਾਂ ਦੀ ਮੰਨੀਏ ਤਾਂ ਸਰਕਾਰ ਬਣਨ ਤੋਂ ਬਾਅਦ ਕੈਪਟਨ ਉਥੇ ਫੋਟੋ ਸੈਸ਼ਨ ਕਰਵਾਉਣ ਆਏ ਸਨ, ਜਾਂ ਫਿਰ ਜਦੋਂ ਕੈਬਨਿਟ ਦੀ ਮੀਟਿੰਗ ਹੁੰਦੀ ਹੈ ਤਦ ਉਹ ਸੈਕਟਰੀਏਟ ਵਿਚ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਆਪਣੇ ਸਾਰੇ ਕੰਮਕਾਜ ਤੇ ਅਧਿਕਾਰੀਆਂ ਨਾਲ ਆਪਣੀ ਮੀਟਿੰਗ ਉਹ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ਤੋਂ ਹੀ ਨਿਪਟਾਉਂਦੇ ਹਨ। ਕੈਪਟਨ ਦੇ ਲਗਾਤਾਰ ਗੈਰ ਸਰਗਰਮ ਰਹਿਣ ਨਾਲ ਫਾਈਲਾਂ ਦੇ ਢੇਰ ਲਗਾਤਾਰ ਲੰਮੇ ਹੁੰਦੇ ਜਾ ਰਹੇ ਹਨ। ਕਈ ਅਹਿਮ ਫਾਈਲਾਂ ਦੱਬੀਆਂ ਹੋਈਆਂ ਹਨ। ਕੈਪਟਨ ਦੇ ਸੈਕਟਰੀਏਟ ਨਾ ਆਉਣ ਕਾਰਨ ਕਈ ਹੋਰ ਮੰਤਰੀ ਵੀ ਸੈਕਟਰੀਏਟ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਦੇ ਸੈਕਟਰੀਏਟ ਵਿਚ ਨਾ ਬੈਠਣ ਕਾਰਨ ਜਨਤਾ ਦਾ ਕੋਈ ਕੰਮਕਾਜ ਨਹੀਂ ਹੋ ਰਿਹਾ ਤੇ ਜਨਤਾ ਦਾ ਵੀ ਸੈਕਟਰੀਏਟ ਤੋਂ ਮੋਹ ਭੰਗ ਹੋਣ ਲੱਗਾ ਹੈ। ਕਿਹਾ ਜਾ ਸਕਦਾ ਹੈ ਕਿ ਸੈਕਟਰੀਏਟ ਵਿਚ ਪੂਰੀ ਤਰ੍ਹਾਂ ਬਾਬੂਆਂ ਦਾ ਹੀ ਰਾਜ ਹੈ ਤੇ ਉਥੋਂ ਦਾ ਸਾਰਾ ਕੰਮਕਾਜ ਵੀ ਬਾਬੂਆਂ ਦੇ ਹੀ ਹਵਾਲੇ ਹੈ। ਪੰਜਾਬ ਦੇ ਜ਼ਿਆਦਾਤਰ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਜ਼ੋਰਾਂ 'ਤੇ ਹੈ ਤੇ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਹੋ ਗਈ ਹੈ। ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਹੁਣ ਸਰਕਾਰ ਦਾ ਅਕਸ ਸੁਧਰਨ ਦੀ ਵੱਡੀ ਚੁਣੌਤੀ ਹੈ ਕਿਉਂਕਿ ਤਾਜੇ ਘਟਨਾਕ੍ਰਮ ਤੇ ਸੰਕਟ ਨੂੰ ਦਰਬਾਰੀਆਂ ਦੀ ਹੀ ਦੇਣ ਮੰਨਿਆ ਜਾ ਰਿਹਾ ਹੈ। ਹੁਣ ਤਾਂ ਸਰਕਾਰ ਦੇ ਕੁਝ ਮੰਤਰੀਆਂ ਨੇ ਵੀ ਦਰਬਾਰੀਆਂ ਦੀਆਂ ਬੇ-ਫਜ਼ੂਲ ਗਤੀਵਿਧੀਆਂ 'ਤੇ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ।