ਖਸਤਾ ਹਾਲਤ ਸੜਕਾਂ, ਆਵਾਰਾਂ ਕੁੱਤਿਆਂ ਦੀ ਸੱਮਸਿਆ ਬਰਕਰਾਰ, ਅਧਿਕਾਰੀ 'ਘੁੱਕੀ' 'ਚ

11/27/2017 3:17:11 AM

ਕਪੂਰਥਲਾ, (ਮਲਹੋਤਰਾ)- ਸ਼ਹਿਰ ਦੀ ਬੇਹੱਦ ਖਸਤਾ ਹਾਲਤ ਸੜਕਾਂ, ਆਵਾਰਾ ਕੁੱਤਿਆਂ ਦੀਆਂ ਸਮੱਸਿਆਵਾਂ ਦਾ ਵਾਰ-ਵਾਰ ਜ਼ਿਲਾ ਪ੍ਰਸ਼ਾਸਨ ਦੇ ਧਿਆਨ 'ਚ ਲਿਆਉਣ ਦੇ ਬਾਅਦ ਵੀ ਕੋਈ ਵੀ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ, ਤੇ ਲਗਦਾ ਹੈ ਕਿ ਅਧਿਕਾਰੀ ਗੂੜੀ ਨੀਂਦ ਸੁੱਤੇ ਹੋਏ ਹਨ।  ਲਗਾਤਾਰ ਸੜਕਾਂ 'ਤੇ ਖੱਡਿਆਂ ਦੀ ਵਜ੍ਹਾ ਨਾਲ ਦੁਰਘਟਨਾਵਾਂ 'ਚ ਵਾਧਾ ਹੋ ਰਿਹਾ ਹੈ। ਆਵਾਰਾ ਕੁੱਤਿਆਂ ਦੇ ਕੱਟਣ ਨਾਲ ਜ਼ਖਮੀਆਂ ਦੀ ਸੰਖਿਆ ਵੱਧ ਰਹੀ ਹੈ। ਮਹਾਰਾਜਿਆਂ ਦਾ ਸ਼ਹਿਰ ਤੇ ਪੰਜਾਬ ਦਾ ਪੈਰਿਸ ਕਪੂਰਥਲਾ ਸ਼ਹਿਰ ਸਮੱਸਿਆਵਾਂ ਦਾ ਸ਼ਹਿਰ ਬਣਦਾ ਜਾ ਰਿਹਾ ਹੈ। 
ਜਗ੍ਹਾ-ਜਗ੍ਹਾ ਬੇਹੱਦ ਖਸਤਾ ਹਾਲ 'ਚ ਸੜਕ ਆਉਣ-ਜਾਣ ਵਾਲੇ ਲੋਕਾਂ ਦਾ ਜੀਉਣਾ ਮੁਹਾਲ ਕਰ ਰਹੀ ਹੈ। ਸੜਕਾਂ 'ਤੇ ਗੱਡੀ ਚਲਾਉਣਾ ਖਤਰੇ ਤੋਂ ਖਾਲੀ ਨਹੀਂ ਹੈ। ਦਿਨੋਂ-ਦਿਨ ਸੜਕਾਂ 'ਤੇ ਚੱਲਣ ਵਾਲੇ ਵਾਹਨ ਦੁਰਘਟਨਾਵਾਂ ਦਾ ਸ਼ਿਕਾਰ ਹੋ ਰਹੇ ਹਨ।
-ਅਰਵਿੰਦਰ ਰਾਏ ਰਾਜਪੂਤ
ਸੁਭਾਨਪੁਰ ਰਸਤੇ 'ਤੇ ਬੇਹੱਦ ਖਸਤਾ ਹਾਲਤ 'ਚ ਕਾਂਜਲੀ ਪੁਲ ਦਾ ਨਿਰਮਾਣ ਨਹੀਂ ਹੋ ਰਿਹਾ ਹੈ। ਉਥੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਆਪਣੀ ਜਾਨ ਹਥੇਲੀ 'ਤੇ ਰੱਖ ਕੇ ਉਥੋਂ ਨਿਕਲਣਾ ਪੈਂਦਾ ਹੈ। ਲੋਕਾਂ ਦੀ ਇਹ ਸਭ ਤੋਂ ਪੁਰਾਣੀ ਸਮੱਸਿਆ ਹੈ।
-ਸੰਜੀਵ ਕੁਮਾਰ
ਕੀ ਕਹਿੰਦੇ ਹਨ ਨਗਰ ਕੌਂਸਲ ਅਧਿਕਾਰੀ- ਇਸ ਸੰਬੰਧੀ 'ਚ ਜਦ ਨਗਰ ਕੌਂਸਲ ਕਪੂਰਥਲਾ ਦੇ ਅਧਿਕਾਰੀ ਕੁਲਭੂਸ਼ਨ ਗੋਇਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਆਵਾਰਾ ਪਸ਼ੂਆਂ ਤੇ ਆਵਾਰਾ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਪ੍ਰਸ਼ਾਸਨ ਪੂਰੀ ਤਰ੍ਹਾਂ ਗੰਭੀਰ ਹੈ। ਇਸ ਸਮੱਸਿਆ ਤੋਂ ਛੁਟਕਾਰੇ ਦੇ ਲਈ ਏਜੰਡਾ ਤਿਆਰ ਹੋ ਚੁੱਕਾ ਹੈ। ਕੌਂਸਲ ਦੀ ਮੀਟਿੰਗ 'ਚ ਇਸ ਨੂੰ ਫਾਈਲ ਕੀਤਾ ਗਿਆ। ਆਵਾਰਾ ਕੁੱਤਿਆਂ ਦੀ ਨਸਬੰਦੀ ਕਰਕੇ ਇਸ ਸਮੱਸਿਆ ਨੂੰ ਵੀ ਹੱਲ ਕੀਤਾ ਜਾਵੇਗਾ।