ਦਾਜ ਖਾਤਰ ਪ੍ਰੇਸ਼ਾਨ ਕਰਨ ''ਤੇ ਬੱਚੀ ਦੀ ਮਾਂ ਨੇ ਲਾਇਆ ਫਾਹਾ

08/17/2017 7:54:45 AM

ਲੁਧਿਆਣਾ, (ਰਿਸ਼ੀ)- ਲਕਸ਼ਮੀ ਨਗਰ ਵਿਚ ਸਹੁਰਾ ਧਿਰ ਵੱਲੋਂ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ 'ਤੇ 1 ਬੱਚੀ ਦੀ ਮਾਂ ਨੇ ਮੰਗਲਵਾਰ ਨੂੰ ਘਰ ਵਿਚ ਚੁੰਨੀ ਦੇ ਸਹਾਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਇਸ ਕੇਸ ਵਿਚ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਪਤੀ, ਦਿਓਰ ਅਤੇ ਸੱਸ ਖਿਲਾਫ ਦਾਜ ਦੀ ਖਾਤਰ ਕਤਲ ਕਰਨ ਦੇ ਦੋਸ਼ ਵਿਚ ਮੁਕੱਦਮਾ ਦਰਜ ਕਰ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਮੁਖੀ ਇੰਸਪੈਕਟਰ ਵਿਜੇ ਕੁਮਾਰ ਮੁਤਾਬਕ ਮ੍ਰਿਤਕਾ ਦੀ ਪਛਾਣ ਅੰਜੁਮ ਆਰਾ (22) ਵਜੋਂ  ਹੋਈ ਹੈ। ਪੁਲਸ ਨੇ ਉਸ ਦੇ ਭਰਾ ਅਜ਼ਹਰ ਆਲਮ ਨਿਵਾਸੀ ਜੰਮੂ ਦੇ ਬਿਆਨ 'ਤੇ ਪਤੀ ਸ਼ਾਹ ਆਲਮ, ਦਿਓਰ ਸਲਾਊਦੀਨ ਅਤੇ ਸੱਸ ਸਲਮਾ ਖਿਲਾਫ ਪਰਚਾ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨ ਵਿਚ ਭਰਾ ਨੇ ਦੱਸਿਆ ਕਿ ਉਹ ਟੇਲਰ ਦਾ ਕੰਮ ਕਰਦਾ ਹੈ। 4 ਸਾਲ ਪਹਿਲਾਂ ਭੈਣ ਦਾ ਵਿਆਹ ਉਕਤ ਦੋਸ਼ੀ ਦੇ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਤੋਂ ਹੀ ਦਾਜ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਨ ਲੱਗ ਪਏ। 1 ਸਾਲ ਬਾਅਦ ਵੱਡੇ ਅਪ੍ਰੇਸ਼ਨ ਨਾਲ ਬੇਟੀ ਆਲਿਯਾ ਨੇ ਜਨਮ ਲਿਆ। ਇਸ ਗੱਲ 'ਤੇ ਵੀ ਸਹੁਰੇ ਉਸ ਨੂੰ ਤੰਗ ਕਰਨ ਲੱਗ ਪਏ। ਭੈਣ ਦਾ ਘਰ ਬਚਾਉਣ ਲਈ ਉਨ੍ਹਾਂ ਨੇ 45 ਹਜ਼ਾਰ ਰੁਪਏ ਦਿੱਤੇ, ਜਿਸ ਤੋਂ ਬਾਅਦ ਵੀ ਉਸ ਨੂੰ ਤੰਗ ਕਰਨ ਦਾ ਸਿਲਸਿਲਾ ਚਲਦਾ ਰਿਹਾ। ਪੁਲਸ ਮੁਤਾਬਕ ਮੰਗਲਵਾਰ ਦੁਪਹਿਰ ਨੂੰ ਪਤੀ-ਪਤਨੀ ਦਰਮਿਆਨ ਪਹਿਲਾਂ ਝਗੜਾ ਹੋਇਆ, ਜਿਸ ਤੋਂ ਬਾਅਦ ਪਤੀ ਬਾਹਰ ਚਲਾ ਗਿਆ। ਕੁਝ ਸਮੇਂ ਬਾਅਦ ਜਦੋਂ ਵਾਪਸ ਆਇਆ ਤਾਂ ਖੜਕਾਉਣ 'ਤੇ ਵੀ ਅੰਜੁਮ ਆਰਾ ਨੇ ਦਰਵਾਜ਼ਾ ਨਾ ਖੋਲ੍ਹਿਆ। ਜਦੋਂ ਦਰਵਾਜ਼ਾ ਤੋੜ ਕੇ ਅੰਦਰ ਗਿਆ ਤਾਂ ਉਸ ਦੀ ਲਾਸ਼ ਪੱਖੇ ਨਾਲ ਝੂਲ ਰਹੀ ਸੀ। ਪੁਲਸ ਦੇ ਮੁਤਾਬਕ ਵੀਰਵਾਰ ਨੂੰ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਹਵਾਲੇ ਕੀਤੀ ਜਾਵੇਗੀ।