ਮੁੱਖ ਮੰਤਰੀ ਨੇ ਲੋਕਾਂ ਨੂੰ ਵਿਸਾਖੀ ਤੇ ਡਾ. ਅੰਬੇਡਕਰ ਜਯੰਤੀ ਦੀ ਦਿੱਤੀ ਵਧਾਈ

04/14/2018 6:30:12 AM

ਚੰਡੀਗੜ੍ਹ  (ਬਿਊਰੋ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਵਿਸਾਖੀ ਅਤੇ 'ਖਾਲਸਾ ਪੰਥ' ਦੇ 319ਵੇਂ ਸਾਜਨਾ ਦਿਵਸ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਅੰਬੇਡਕਰ ਜਯੰਤੀ ਦੀ ਪੂਰਵ ਸੰਧਿਆ 'ਤੇ ਡਾ. ਬੀ. ਆਰ. ਅੰਬੇਡਕਰ ਨੂੰ ਸ਼ਰਧਾਂਜਲੀ ਭੇਟ ਕੀਤੀ। ਇਕ ਸੰਦੇਸ਼ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਹ ਇਤਿਹਾਸਕ ਦਿਹਾੜੇ ਸਾਨੂੰ ਸਾਰਿਆਂ ਨੂੰ  ਯਾਦ ਦਿਵਾਉਂਦੇ ਹਨ ਕਿ ਸਮਾਜ ਦਾ ਹਰ ਵਰਗ ਮਾਨਵਤਾ, ਭਾਈਚਾਰਕ ਸਾਂਝ ਅਤੇ ਸਮਾਜਿਕ ਸਦਭਾਵਨਾ ਦੀਆਂ ਕਦਰਾਂ-ਕੀਮਤਾਂ ਦੀ ਨੁਮਾਇੰਦਗੀ ਕਰਦਾ ਹੈ। ਮੁੱਖ ਮੰਤਰੀ ਨੇ ਲੋਕਾਂ ਨੂੰ ਵਿਸਾਖੀ ਦੇ ਤਿਉਹਾਰ ਦੇ ਨਾਲ-ਨਾਲ 'ਖਾਲਸਾ ਪੰਥ' ਦੇ ਸਾਜਨਾ ਦਿਵਸ ਦੀਆਂ ਰਵਾਇਤਾਂ ਨੂੰ ਕਾਇਮ ਰੱਖਣ ਦਾ ਸੱਦਾ ਦਿੱਤਾ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਅਮਿੱਟ ਜਜ਼ਬੇ ਦਾ ਪ੍ਰਤੀਕ ਹੈ। ਡਾ. ਅੰਬੇਡਕਰ ਦੇ 127ਵੇਂ ਜਨਮ ਦਿਹਾੜੇ ਮੌਕੇ ਮੁੱਖ ਮੰਤਰੀ ਨੇ ਲੋਕਾਂ ਨੂੰ ਇਸ ਮਹਾਨ ਸਮਾਜ ਸੁਧਾਰਕ ਵੱਲੋਂ ਦਿਖਾਏ ਰਾਹ 'ਤੇ ਤੁਰਨ ਦਾ ਸੱਦਾ ਦਿੱਤਾ।