ਮਾਮਲਾ ਆਰ. ਐੱਸ. ਐੱਸ. ਤੇ ਹੋਰ ਹਿੰਦੂ ਨੇਤਾਵਾਂ ਦੀਆਂ ਹੱਤਿਆਵਾਂ ਦਾ : ਸ਼ਾਰਪ ਸ਼ੂਟਰ ਨੇ ਕੀਤੇ ਕਈ ਖੁਲਾਸੇ

12/10/2017 11:52:50 AM

ਜਲੰਧਰ (ਇਨਪੁਟ ਡੈਸਕ)—ਪੰਜਾਬ ਵਿਚ ਬੀਤੇ ਕੁਝ ਸਾਲਾਂ ਵਿਚ ਹੋਈਆਂ ਆਰ. ਐੱਸ. ਐੱਸ. ਅਤੇ ਹੋਰ ਹਿੰਦੂ ਨੇਤਾਵਾਂ ਦੀਆਂ ਸਿਆਸੀ ਹੱਤਿਆਵਾਂ ਪਿੱਛੇ ਵਿਦੇਸ਼ੀ ਫੰਡਿੰਗ ਅਤੇ ਕੱਟੜਵਾਦੀਆਂ ਦੀ ਸਰਗਰਮੀ ਦਾ ਪਤਾ ਲੱਗਾ ਹੈ। ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ. ਆਈ. ਏ.), ਪੰਜਾਬ ਪੁਲਸ ਅਤੇ ਸੀ. ਬੀ. ਆਈ. ਦੀਆਂ ਵਿਸ਼ੇਸ਼ ਟੀਮਾਂ ਵੱਖ-ਵੱਖ ਮਾਮਲਿਆਂ ਦੀ ਪੜਤਾਲ ਵਿਚ ਲੱਗੀਆਂ ਹੋਈਆਂ ਹਨ ਅਤੇ ਅਜੇ ਤਕ ਦੀ ਜਾਂਚ ਵਿਚ ਕਈ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਹਾਲ ਹੀ ਵਿਚ ਪੰਜਾਬ ਪੁਲਸ ਨੇ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ ਨੂੰ ਕਾਬੂ ਕੀਤਾ ਹੈ। 'ਸ਼ੇਰਾ' 'ਤੇ ਦੋਸ਼ ਹੈ ਕਿ ਸੂਬੇ ਵਿਚ ਹੋਈਆਂ ਸਿਆਸੀ ਹੱਤਿਆਵਾਂ 'ਚੋਂ ਜ਼ਿਆਦਾਤਰ ਹੱਤਿਆਵਾਂ ਨੂੰ ਉਸਨੇ ਹੀ ਅੰਜਾਮ ਦਿੱਤਾ ਹੈ। ਉਸਦੀ ਗ੍ਰਿਫਤਾਰੀ ਤੋਂ ਬਾਅਦ ਹੀ ਜਾਂਚ ਏਜੰਸੀਆਂ ਮਾਸਟਰਮਾਈਂਡ ਤਕ ਪਹੁੰਚੀਆਂ ਹਨ। 

ਇਟਲੀ 'ਚ ਮਿਲੇ ਸਨ ਮਿੰਟੂ ਤੇ ਸ਼ੇਰਾ

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਟਲੀ ਵਿਚ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ 2014 ਵਿਚ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਚੀਫ ਹਰਮਿੰਦਰ ਸਿੰਘ ਮਿੰਟੂ ਦੇ ਸੰਪਰਕ ਵਿਚ ਆਇਆ ਸੀ। ਉਸ ਦੌਰਾਨ ਸ਼ੇਰਾ ਉਥੇ ਪੜ੍ਹਾਈ ਕਰ ਰਿਹਾ ਸੀ ਅਤੇ ਇਕ ਪਰਿਵਾਰਕ ਸਮਾਗਮ ਦੌਰਾਨ ਦੋਵਾਂ ਦੀ ਮੁਲਾਕਾਤ ਹੋਈ ਸੀ। ਚੰਗੀ ਸਿਹਤ ਤੇ ਕੱਟੜਪੰਥੀ ਵਿਚਾਰਧਾਰਾ ਵੱਲ ਝੁਕਾਅ ਕਾਰਨ ਹੀ ਹਰਮਿੰਦਰ ਸਿੰਘ ਮਿੰਟੂ ਨੇ ਅਜਿਹੀਆਂ ਵਾਰਦਾਤਾਂ ਲਈ ਸ਼ੇਰਾ ਦੀ ਚੋਣ ਕੀਤੀ ਸੀ। ਮੌਜੂਦਾ ਸਮੇਂ 'ਚ ਜੇਲ ਵਿਚ ਬੰਦ ਮਿੰਟੂ ਨੇ ਹੀ ਉਸ ਦੌਰਾਨ ਸ਼ੇਰਾ ਨੂੰ ਦੁਬਈ ਭਿਜਵਾਇਆ ਸੀ, ਜਿਥੇ ਹਰਮੀਤ ਸਿੰਘ ਉਰਫ ਪੀ. ਐੱਚ. ਡੀ. ਨੇ ਉਸਨੂੰ ਟਰੇਂਡ ਕੀਤਾ। 
ਪੰਜਾਬ ਪੁਲਸ ਦੇ ਇਕ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਜਾਂਚ ਟੀਮਾਂ ਨੇ ਪਤਾ ਲਾਇਆ ਹੈ ਕਿ ਸਾਰੀਆਂ ਹੱਤਿਆਵਾਂ ਦਾ ਪੈਟਰਨ ਇਕੋ ਜਿਹਾ ਸੀ। ਸਾਰੇ ਪੀੜਤਾਂ ਦੇ ਮਹੱਤਵਪੂਰਨ ਅੰਗਾਂ 'ਤੇ ਗੋਲੀਆਂ ਮਾਰੀਆਂ ਗਈਆਂ ਸਨ। ਇਸੇ ਨਾਲ ਜਾਂਚ ਅਧਿਕਾਰੀਆਂ ਨੂੰ ਅੰਦਾਜ਼ਾ ਹੋਇਆ ਕਿ ਇਹ ਕਿਸੇ ਸ਼ਾਰਪ ਸ਼ੂਟਰ ਦਾ ਹੀ ਕੰਮ ਹੋ ਸਕਦਾ ਹੈ। ਲਿਹਾਜ਼ਾ ਸਾਰੇ ਮਾਮਲਿਆਂ ਨੂੰ ਮਿਲਾਉਣ ਤੋਂ ਬਾਅਦ ਜਾਂਚ ਦੀ ਦਿਸ਼ਾ ਨੂੰ ਅੱਗੇ ਵਧਾਇਆ ਗਿਆ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਰਪ ਸ਼ੂਟਰ ਹਰਦੀਪ ਸਿੰਘ ਉਰਫ ਸ਼ੇਰਾ ਵਾਰਦਾਤ ਤੋਂ 15 ਦਿਨ ਪਹਿਲਾਂ ਹੀ ਇਟਲੀ ਤੋਂ ਭਾਰਤ ਆਉਂਦਾ ਸੀ। ਵਾਰਦਾਤ ਤੋਂ ਪਹਿਲਾਂ ਉਹ ਕਈ ਦਿਨਾਂ ਤਕ ਰੇਕੀ ਕਰਦਾ ਅਤੇ ਪੀੜਤ ਦੇ ਮਹੱਤਵਪੂਰਨ ਅੰਗਾਂ 'ਤੇ 3 ਵਾਰ ਗੋਲੀਆਂ ਮਾਰਦਾ ਸੀ। 

ਇਕ ਕਤਲ ਦੇ ਮਿਲਦੇ ਸਨ 5 ਲੱਖ ਰੁਪਏ

ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਹਰਦੀਪ ਸਿੰਘ ਉਰਫ ਸ਼ੇਰਾ ਵਾਰਦਾਤ ਨੂੰ ਅੰਜਾਮ ਦੇਣ ਤੋਂ 2-3 ਦਿਨਾਂ ਬਾਅਦ ਇਟਲੀ ਵਾਪਸ ਚਲਾ ਜਾਂਦਾ ਸੀ। ਉਸ ਨੂੰ ਹਰੇਕ ਕਤਲ ਦੇ ਬਦਲੇ 5 ਲੱਖ ਰੁਪਏ ਮਿਲਦੇ ਸਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਵਾਰਦਾਤ ਤੋਂ ਪਹਿਲਾਂ ਪੋਲੀਟੀਕਲ ਐਫੀਲੀਏਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਟਾਰਗੈੱਟ ਸੈੱਟ ਕੀਤੇ ਜਾਂਦੇ ਸਨ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਾਰਦਾਤਾਂ ਪੰਜਾਬ ਦੇ ਹਾਲਾਤ ਨੂੰ ਫਿਰ ਤੋਂ ਵਿਗਾੜਨ ਦੇ ਮਕਸਦ ਨਾਲ ਕੀਤੀਆਂ ਗਈਆਂ ਹਨ। ਮਾਮਲੇ ਦੀ ਜਾਂਚ ਜਾਰੀ ਹੈ।