ਲੱਖਾਂ ਦੀ ਠੱਗੀ ਮਾਰਨ ਦੇ ਦੋਸ਼ ''ਚ ਚੇਅਰਮੈਨ ਕਾਲੋਨਾਈਜ਼ਰ ਖਿਲਾਫ ਮਾਮਲਾ ਦਰਜ

08/19/2017 1:22:56 AM

ਫ਼ਿਰੋਜ਼ਪੁਰ, (ਕੁਮਾਰ)— ਫਿਰੋਜ਼ਪੁਰ ਸ਼ਹਿਰ ਦੀ ਪੁਲਸ ਨੇ ਸਕਾਈਰੋਕ ਸਿਟੀ ਵੈੱਲਫੇਅਰ ਸੁਸਾਇਟੀ ਰਜਿ. ਮੋਹਾਲੀ ਦੇ ਚੇਅਰਮੈਨ ਨੀਵਜੀਤ ਸਿੰਘ ਦੇ ਖਿਲਾਫ 4 ਪਲਾਟ ਬੁੱਕ ਕਰਕੇ 5 ਲੱਖ 80 ਹਜ਼ਾਰ ਰੁਪਏ ਲੈ ਕੇ ਪਲਾਟਾਂ ਦੀ ਰਜਿਸਟਰੀ ਕਰਵਾ ਕੇ ਨਾ ਦੇਣ ਅਤੇ ਠੱਗੀ ਮਾਰਨ ਦੇ ਦੋਸ਼ ਵਿਚ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ. ਸਤਪਾਲ ਨੇ ਦੱਸਿਆ ਕਿ ਸ਼ਿਕਾਇਤਕਰਤਾ ਜੋਗਿੰਦਰ ਸਿੰਘ ਅਤੇ ਕਮਲ ਨਰੂਲਾ ਆਦਿ ਨੇ ਐੱਸ. ਐੱਸ. ਪੀ. ਨੂੰ ਲਿਖਤੀ ਸ਼ਿਕਾਇਤ ਦਿੰਦੇ ਦੋਸ਼ ਲਾਇਆ ਹੈ ਕਿ ਚੇਅਰਮੈਨ ਸਕਾਈਰੋਕ ਸਿਟੀ ਵੈੱਲਫੇਅਰ ਸੁਸਾਇਟੀ ਰਜਿ. ਸੈਕਟਰ 70 ਮੋਹਾਲੀ ਨੇ ਇਹ ਕਹਿ ਕੇ ਕਿ ਉਸਨੇ ਪੀ. ਜੀ. ਆਈ. ਹਸਪਤਾਲ ਚੰਡੀਗੜ੍ਹ ਦੇ ਪਿੱਛੇ ਮਨਜੂਰਸ਼ੁਦਾ ਕਾਲੋਨੀ ਕੱਟੀ ਹੈ, ਸ਼ਿਕਾਇਤਕਰਤਾ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ 10 ਜੁਲਾਈ 2011 ਨੂੰ ਪਲਾਟ ਬੁੱਕ ਕੀਤੇ ਸਨ ਅਤੇ ਪ੍ਰਤੀ ਪਲਾਟ ਇਕ ਲੱਖ 40 ਹਜ਼ਾਰ ਰੁਪਏ ਬੁਕਿੰਗ ਫੀਸ ਅਤੇ 5 ਹਜ਼ਾਰ ਰੁਪਏ ਮੈਂਬਰਸ਼ਿਪ ਫੀਸ ਦੇ (4 ਪਲਾਟਾਂ ਦੇ ਕੁਲ 5 ਲੱਖ 80 ਹਜ਼ਾਰ ਰੁਪਏ) ਲਏ ਸਨ ਅਤੇ ਚੇਅਰਮੈਨ ਤੇ ਉਸਦੇ ਸਾਥੀਆਂ ਨੇ ਲਈ ਹੋਈ ਰਕਮ ਦੀਆਂ ਬਾਕਾਇਦਾ ਰਸੀਦਾਂ ਕੱਟ ਕੇ ਦਿੱਤੀਆਂ ਸਨ।
ਸ਼ਿਕਾਇਤਕਰਤਾ ਅਨੁਸਾਰ ਜਦ ਉਨ੍ਹਾਂ ਨੇ ਜਾ ਕੇ ਦੇਖਿਆ ਤਾਂ ਉਥੇ ਕੋਈ ਕਾਲੋਨੀ ਨਹੀਂ ਸੀ ਅਤੇ ਚੇਅਰਮੈਨ ਨੇ ਪੁੱਛਣ 'ਤੇ ਕਿਹਾ ਕਿ ਪੀ. ਜੀ. ਆਈ. ਹਸਪਤਾਲ ਦੇ ਪਿੱਛੇ ਸਾਡੀ ਕੋਈ ਵੀ ਮਨਜ਼ੂਰਸ਼ੁਦਾ ਕਾਲੋਨੀ ਨਹੀਂ ਹੈ। ਨੀਵਜੀਤ ਸਿੰਘ ਨੇ ਅੱਜ ਤੱਕ ਨਾ ਤਾਂ ਉਨ੍ਹਾਂ ਨੂੰ ਪੀ. ਜੀ. ਆਈ. ਦੇ ਪਿੱਛੇ ਕਾਲੋਨੀ ਵਿਚ ਕਿਸੇ ਪਲਾਟ ਦੀ ਰਜਿਸਟਰੀ ਕਰਵਾ ਕੇ ਦਿੱਤੀ ਤੇ ਨਾ ਹੀ ਅੱਜ ਤੱਕ ਲਏ 5 ਲੱਖ 80 ਹਜ਼ਾਰ ਰੁਪਏ ਵਾਪਸ ਮੋੜੇ ਹਨ। ਚੇਅਰਮੈਨ ਕਾਲੋਨਾਈਜ਼ਰ ਵੱਲੋਂ ਇਹ ਰਕਮ ਚੰਡੀਗੜ੍ਹ ਵਿਚ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਪ੍ਰਿਥਵੀ ਰਾਜ ਮੋਂਗਾ ਵਾਸੀ ਗੁਰੂਹਰਸਹਾਏ ਦੇ ਸਾਹਮਣੇ ਲਈ ਸੀ। 
ਉਨ੍ਹਾਂ ਦੱਸਿਆ ਕਿ ਪੁਲਸ ਵੱਲੋਂ ਸ਼ਿਕਾਇਤ ਨੰ. 357 ਪੀ. ਸੀ. ਦੇ ਅਧਾਰ 'ਤੇ ਚੇਅਰਮੈਨ ਕਾਲੋਨਾਈਜ਼ਰ ਨੀਵਜੀਤ ਸਿੰਘ 'ਤੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।