ਰਿਸ਼ਵਤ ਲੈਂਦਾ ਸੈਕਟਰੀ ਦਬੋਚਿਆ

07/21/2017 12:49:57 AM

ਸੰਗਰੂਰ/ਕੌਹਰੀਆਂ,  (ਬੇਦੀ, ਸ਼ਰਮਾ. ਵਿਵੇਕ ਸਿੰਧਵਾਨੀ, ਯਾਦਵਿੰਦਰ)-  ਡੀ. ਐੱਸ. ਪੀ. ਵਿਜੀਲੈਂਸ ਸੰਗਰੂਰ ਹੰਸ ਰਾਜ ਦੀ ਅਗਵਾਈ ਵਿਚ ਵਿਜੀਲੈਂਸ ਦੀ ਟੀਮ ਨੇ ਛਾਪਾ ਮਾਰ ਕੇ ਕੌਹਰੀਆਂ ਦੀ ਕੋਆਪ੍ਰੇਟਿਵ ਸੁਸਾਇਟੀ ਵਿਚ ਕੰਮ ਕਰਦੇ ਸੈਕਟਰੀ ਗੁਰਲਾਲ ਸਿੰਘ ਨੂੰ 15 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
ਡੀ. ਐੱਸ. ਪੀ. ਹੰਸ ਰਾਜ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਦੀਪ ਸਿੰਘ ਪੁੱਤਰ ਲਾਲ ਸਿੰਘ ਵਾਸੀ ਲਾਡਵਨਜਾਰਾ ਕਲਾਂ, ਜੋ ਇਸੇ ਸੁਸਾਇਟੀ ਦਾ ਰਿਟਾਇਰਡ ਸੈਕਟਰੀ ਹੈ, ਦੀ ਸ਼ਿਕਾਇਤ 'ਤੇ ਗੁਰਲਾਲ ਸਿੰਘ ਸੈਕਟਰੀ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 15 ਹਜ਼ਾਰ ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਹੈ।
ਮੌਕੇ 'ਤੇ ਮੌਜੂਦ ਸ਼ਿਕਾਇਤਕਰਤਾ ਨੇ ਦੱਸਿਆ ਕਿ ਰਿਟਾਇਰ ਹੋਣ ਤੋਂ ਬਾਅਦ ਕਮੇਟੀ ਨੇ ਉਸਨੂੰ ਆਰਜ਼ੀ ਤੌਰ 'ਤੇ ਕੰਮ ਕਰਨ ਲਈ ਰੱਖ ਲਿਆ ਸੀ, ਜਿਸ ਦੀ ਕਰੀਬ 10 ਮਹੀਨਿਆਂ ਦੀ ਤਨਖਾਹ ਕਰੀਬ 80 ਹਜ਼ਾਰ ਰੁਪਏ ਉਸ ਨੇ ਪ੍ਰਾਪਤ ਕਰ ਲਏ ਸਨ।  ਮੌਜੂਦਾ ਸੈਕਟਰੀ ਲਈ ਹੋਈ ਤਨਖਾਹ ਦੀ ਰਿਕਵਰੀ ਪਵਾ ਦੇਣ ਦਾ ਡਰਾਵਾ ਦੇ ਕੇ ਉਸ ਕੋਲੋਂ 15 ਹਜ਼ਾਰ ਰੁਪਏ ਮੰਗ ਰਿਹਾ ਸੀ, ਜਿਸ ਦੀ ਸ਼ਿਕਾਇਤ ਉਸਨੇ ਵਿਜੀਲੈਂਸ ਨੂੰ ਕੀਤੀ ਅਤੇ ਅੱਜ ਉਨ੍ਹਾਂ ਨੇ ਸਣੇ 15 ਹਜ਼ਾਰ ਰੁਪਏ ਮੌਜੂਦਾ ਸੈਕਟਰੀ ਨੂੰ ਗ੍ਰਿਫਤਾਰ ਕਰ ਲਿਆ। 
ਇਸ ਸਮੇਂ ਐੈੱਸ.ਆਈ. ਸੁਦਰਸ਼ਨ ਕੁਮਾਰ ਸੈਣੀ, ਏ. ਐੱਸ. ਆਈ. ਦਾਤਾ ਰਾਮ, ਸ਼ਮਸ਼ੇਰ ਸਿੰਘ ਰੀਡਰ, ਹੌਲਦਾਰ ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਸ਼ਾਮ ਸੁੰਦਰ, ਹੌਲਦਾਰ ਰਾਜਵਿੰਦਰ ਸਿੰਘ, ਲੇਡੀ ਕਾਂਸਟੇਬਲ ਗੁਰਜਿੰਦਰ ਕੌਰ, ਸਰਕਾਰੀ ਗਵਾਹ ਡਾ. ਯੁਗੇਸ਼ ਭਾਰਦਵਾਜ ਅਤੇ ਡਾ. ਅਮਨਦੀਪ ਸਿੰਘ ਹਾਜ਼ਰ ਸਨ।