ਮਾਸੂਮ ਬੱਚੀ ਦੀ ਅੱਖ 'ਤੇ ਫਿਰੀ ਚਾਈਨਾ ਦੀ ਖੂਨੀ ਡੋਰ, ਹਾਲਤ ਗੰਭੀਰ

02/07/2021 7:54:09 PM

ਜਲੰਧਰ,(ਸੋਨੂੰ,ਵਰੁਣ)- ਚਾਈਨਾ ਡੋਰ ਦਾ ਕਹਿਰ ਮੁੱਕਣ ਦਾ ਨਾਂ ਹੀ ਨਹੀਂ ਲੈ ਰਿਹਾ ਆਏ ਦਿਨ ਇਸ ਖੂਨੀ ਡੋਰ ਨਾਲ ਲੋਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਜਲੰਧਰ ਦੋਆਬਾ ਚੌਕ 'ਚ ਦੇਖਣ ਨੂੰ ਮਿਲਿਆ ਹੈ। ਜਿਥੇ ਐਕਟਿਵਾ 'ਤੇ ਜਾਂਦੇ ਇਕ ਪਰਿਵਾਰ ਦੀ 5 ਸਾਲਾ ਮਾਸੂਮ ਬੱਚੀ ਇਸ ਖੂਨੀ ਡੋਰ ਦਾ ਸ਼ਿਕਾਰ ਹੋ ਗਈ। 

ਜਾਣਕਾਰੀ ਦਿੰਦਿਆਂ ਬੱਚੀ ਦੇ ਪਿਤਾ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ ਆਪਣੀ ਪਤਨੀ ਅਤੇ 5 ਸਾਲਾ ਬੇਟੀ ਪੀਹੂ ਨਾਲ ਐਕਟਿਵਾ ’ਤੇ ਕਿਸੇ ਕੰਮ ਲਈ ਕਿਸ਼ਨਪੁਰਾ ਵੱਲ ਜਾ ਰਿਹਾ ਸੀ। ਜਿਵੇਂ ਹੀ ਉਹ ਪ੍ਰੀਤ ਨਗਰ ਸੋਢਲ ਰੋਡ ’ਤੇ ਸਥਿਤ ਸਹਿਗਲ ਜਿਊਲਰਸ ਨੇੜੇ ਪਹੁੰਚੇ ਤਾਂ ਅਚਾਨਕ ਐਕਟਿਵਾ ਦੇ ਅੱਗੇ ਬੈਠੀ ਪੀਹੂ ਚੀਕਣ ਲੱਗੀ। ਉਨ੍ਹਾਂ ਸਮਝਿਆ ਕਿ ਉਹ ਸ਼ਰਾਰਤ ਕਰਦਿਆਂ ਅਜਿਹਾ ਕਰ ਰਹੀ ਹੈ ਪਰ ਜਿਉਂ ਹੀ ਉਨ੍ਹਾਂ ਦੇ ਹੱਥ ’ਤੇ ਖੂਨ ਦੇ ਛਿੱਟੇ ਡਿੱਗੇ ਤਾਂ ਉਨ੍ਹਾਂ ਨੇ ਤੁਰੰਤ ਆਪਣੀ ਐਕਟਿਵਾ ਰੋਕੀ ਅਤੇ ਦੇਖਿਆ ਕਿ ਪੀਹੂ ਦਾ ਮਾਸੂਮ ਚਿਹਰਾ ਖੂਨ ਵਿਚ ਲਥਪਥ ਹੋਇਆ ਪਿਆ ਸੀ। ਉਨ੍ਹਾਂ ਦੇਖਿਆ ਕਿ ਪੀਹੂ ਦੇ ਚਿਹਰੇ ’ਤੇ ਡ੍ਰੈਗਨ ਡੋਰ ਲਿਪਟੀ ਹੋਈ ਸੀ। ਉਨ੍ਹਾਂ ਡੋਰ ਨੂੰ ਚਿਹਰੇ ਤੋਂ ਲਾਹਿਆ ਅਤੇ ਖੂਨ ਵਿਚ ਲਥਪਥ ਪੀਹੂ ਨੂੰ ਨੇੜਲੇ ਕਲੀਨਿਕ ’ਤੇ ਲੈ ਗਏ, ਉਥੇ ਫਸਟਏਡ ਨਾ ਮਿਲਣ ’ਤੇ ਉਹ ਆਪਣੀ ਬੱਚੀ ਨੂੰ ਕੁਝ ਦੂਰੀ ’ਤੇ ਸਥਿਤ ਇਕ ਚੈਰੀਟੇਬਲ ਹਸਪਤਾਲ ’ਚ ਲੈ ਗਏ ਪਰ ਉਥੇ ਡਾਕਟਰ ਨਾ ਹੋਣ ਦਾ ਹਵਾਲਾ ਦੇ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ ਗਿਆ। ਉਹ ਆਪਣੀ ਬੇਟੀ ਨੂੰ ਦੋਆਬਾ ਚੌਕ ਨੇੜੇ ਇਕ ਸਥਿਤ ਨਿੱਜੀ ਹਸਪਤਾਲ ਵਿਚ ਲੈ ਕੇ ਗਏ, ਜਿਥੇ ਡਾਕਟਰਾਂ ਨੇ ਉਸ ਦਾ ਇਲਾਜ ਸ਼ੁਰੂ ਕੀਤਾ। ਪੀਹੂ ਦਾ ਚਿਹਰਾ ਡ੍ਰੈਗਨ ਡੋਰ ਕਾਰਣ ਮੱਥੇ ਅਤੇ ਅੱਖਾਂ ਦੇ ਆਲੇ-ਦੁਆਲਿਓਂ ਬੁਰੀ ਤਰ੍ਹਾਂ ਕਟ ਚੁੱਕਾ ਸੀ। ਉਸ ਦੇ ਚਿਹਰੇ ’ਤੇ ਲਗਭਗ 15 ਟਾਂਕੇ ਲੱਗੇ ਹਨ।

ਡਾਕਟਰਾਂ ਦੀ ਮੰਨੀਏ ਤਾਂ ਪੀਹੂ ਦੀਆਂ ਅੱਖਾਂ ਦਾ ਬਚਾਅ ਹੋ ਗਿਆ ਹੈ ਪਰ ਉਸ ਦੇ ਪਿਤਾ ਮੁਕੇਸ਼ ਨੇ ਕਿਹਾ ਕਿ ਜੇਕਰ ਉਸ ਦੀ ਬੱਚੀ ਨੂੰ ਕੁਝ ਹੋਇਆ ਤਾਂ ਉਹ ਖੁਦ ਨੂੰ ਅੱਗ ਲਾ ਕੇ ਖੁਦਕੁਸ਼ੀ ਕਰ ਲਵੇਗਾ। ਉਸ ਨੇ ਪ੍ਰਸ਼ਾਸਨ ’ਤੇ ਵੀ ਗੁੱਸਾ ਕੱਢਦਿਆਂ ਸਵਾਲ ਕੀਤਾ ਕਿ ਜੇਕਰ ਡ੍ਰੈਗਨ ਡੋਰ ’ਤੇ ਪਾਬੰਦੀ ਹੈ ਤਾਂ ਉਸ ਨੂੰ ਇਸ ਤਰ੍ਹਾਂ ਸ਼ਰੇਆਮ ਕਿਵੇਂ ਵੇਚਿਆ ਜਾ ਸਕਦਾ ਹੈ। ਇਸ ਦੇ ਪਿੱਛੇ ਪੁਲਸ ਦੀ ਵੀ ਵੱਡੀ ਲਾਪ੍ਰਵਾਹੀ ਹੈ। ਉਨ੍ਹਾਂ ਕਿਹਾ ਕਿ ਇੰਨਾ ਵੱਡਾ ਕੇਸ ਸਾਹਮਣੇ ਆਉਣ ਤੋਂ ਬਾਅਦ ਸਥਾਨਕ ਕੌਂਸਲਰ ਤਕ ਹਸਪਤਾਲ ’ਚ ਉਨ੍ਹਾਂ ਦੀ ਬੱਚੀ ਦਾ ਹਾਲ ਜਾਣਨ ਨਹੀਂ ਆਇਆ।ਮੁਕੇਸ਼ ਨੇ ਕਿਹਾ ਕਿ ਡ੍ਰੈਗਨ ਡੋਰ ਹੁਣ ਉਨ੍ਹਾਂ ਦੇ ਬੱਚਿਆਂ ਦੀ ਜਾਨ ਦੀ ਦੁਸ਼ਮਣ ਬਣ ਚੁੱਕੀ ਹੈ, ਜਿਸ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਕਰਵਾਉਣ ਲਈ ਆਮ ਲੋਕਾਂ ਨੂੰ ਸਾਹਮਣੇ ਆਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ਵਾਂਗ ਕਿਸੇ ਹੋਰ ਮਾਤਾ-ਪਿਤਾ ਨੂੰ ਡ੍ਰੈਗਨ ਡੋਰ ਕਾਰਣ ਆਪਣੇ ਬੱਚੇ ਨੂੰ ਖੂਨ ਵਿਚ ਲਥਪਥ ਹਾਲਤ ’ਚ ਨਾ ਦੇਖਣਾ ਪਵੇ।

 

 

 

Bharat Thapa

This news is Content Editor Bharat Thapa