ਮਿਡ-ਡੇ ਮੀਲ ਦੇ ਟੈਂਡਰਾਂ ਤੋਂ ਕਾਂਗਰਸ ਦੇ 2 ਧੜਿਆਂ ''ਚ ਹੋਈ ਖੂਨੀ ਤਕਰਾਰ

07/30/2017 7:15:34 AM

ਭਿੱਖੀਵਿੰਡ/ਖਾਲੜਾ,   (ਸੁਖਚੈਨ, ਅਮਨ)-  ਭਿੱਖੀਵਿੰਡ ਵਿਖੇ ਕਾਂਗਰਸ ਪਾਰਟੀ ਦੇ 2 ਧੜਿਆਂ 'ਚ ਹੋਈ ਖੂਨੀ ਤਕਰਾਰ 'ਚ 4 ਵਿਅਕਤੀਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਇਹ ਦੋ ਧੜਿਆਂ ਦਾ ਆਪਸੀ ਝਗੜਾ ਪਿਛਲੇ ਦਿਨੀਂ ਹੋਏ ਮਿਡ-ਡੇ ਮੀਲ ਦੇ ਟੈਂਡਰ ਦੌਰਾਨ ਇਕ ਧੜੇ ਵੱਲੋਂ ਲਏ ਗਏ ਟੈਂਡਰਾਂ ਕਾਰਨ ਚੱਲ ਰਿਹਾ ਸੀ, ਜਿਸ ਕਾਰਨ ਅੱਜ ਸਵੇਰੇ ਕਰੀਬ 9 ਵਜੇ ਇਹ ਦੋਵਾਂ ਧੜਿਆਂ ਦੇ ਆਹਮੋ-ਸਾਹਮਣੇ ਹੋਣ ਕਾਰਨ ਕਾਂਗਰਸ ਪਾਰਟੀ ਦੇ ਬਲਾਕ ਵਾਈਸ ਪ੍ਰਧਾਨ ਕੰਵਲ ਬੇਦੀ ਤੇ ਕਾਂਗਰਸ ਬਲਾਕ ਦੇ ਜਨਰਲ ਸਕੱਤਰ ਬਲਵਿੰਦਰ ਸਿੰਘ ਦਾ ਝਗੜਾ ਹੋਇਆ। ਝਗੜੇ ਦੌਰਾਨ ਜ਼ਖਮੀ ਹੋਏ ਬਲਵਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਸੁਰਸਿੰਘ ਲਿਜਾਇਆ ਗਿਆ, ਜਿਸ ਦੀ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਅੰਮ੍ਰਿਤਸਰ ਰੈਫਰ ਕਰ ਦਿੱਤਾ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਖਮੀ ਹੋਏ ਕੰਵਲ ਬੇਦੀ ਨੇ ਦੱਸਿਆ ਕਿ ਦੂਜੀ ਟੈਂਡਰ ਧਿਰ ਜਿਨ੍ਹਾਂ 'ਚ ਕਾਂਗਰਸ ਪਾਰਟੀ ਦੇ ਜ਼ਿਲਾ ਮੀਤ ਪ੍ਰਧਾਨ ਰਜਿੰਦਰ ਕੁਮਾਰ ਬੱਬੂ ਸ਼ਰਮਾ ਅਤੇ ਕਾਂਗਰਸ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਗਰਮੁੱਖ ਸਿੰਘ ਸਾਢਪੁਰ ਨੇ ਟੈਂਡਰਕਾਰਾਂ ਨਾਲ ਮਿਲ ਕੇ ਸਾਡੇ 'ਤੇ ਹਮਲਾ ਕੀਤਾ ਹੈ ਕਿਉਂਕਿ ਮਿਡ-ਡੇ ਮੀਲ ਜੋ ਸਕੂਲਾਂ ਤੱਕ ਭੇਜਿਆ ਜਾਂਦਾ ਹੈ ਉਸ 'ਚ ਹੇਰਾ-ਫੇਰੀ ਕੀਤੀ ਜਾਂਦੀ ਸੀ, ਦਾ ਅਸੀਂ ਵਿਰੋਧ ਕਰਦੇ ਸੀ, ਜਿਸ ਕਰ ਕੇ ਇਨ੍ਹਾਂ ਸਾਡੇ ਉੱਪਰ ਹਮਲਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਅਸੀ ਇਨ੍ਹਾਂ ਵਿਰੁੱਧ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦੇ ਦਿੱਤੀ ਹੈ। ਓਧਰ ਦੂਜੀ ਧਿਰ ਦੇ ਰਜਿੰਦਰ ਕੁਮਾਰ ਬੱਬੂ ਸ਼ਰਮਾ ਤੇ ਗਰਮੁੱਖ ਸਿੰਘ ਸਾਢਪੁਰਾ ਨੇ ਕਿਹਾ ਕਿ ਇਨ੍ਹਾਂ ਸਾਡੇ 3 ਵਿਅਕਤੀਆਂ ਨੂੰ ਜ਼ਖਮੀ ਕੀਤਾ ਹੈ ਅਤੇ ਇਹ ਹੀ ਸਾਡੇ ਵਿਅਕਤੀਆਂ ਦੇ ਗਲ ਪਏ ਹਨ, ਜਿਸ ਕਾਰਨ ਗੁਰਭੇਜ ਸਿੰਘ, ਕੁਲਦੀਪ ਸਿੰਘ, ਕਰਮਜੀਤ ਸਿੰਘ ਜ਼ਖਮੀ ਹੋਏ ਹਨ ਤੇ ਉਨ੍ਹਾਂ ਦਾ ਇਲਾਜ ਸੁਰਸਿੰਘ 'ਚ ਚੱਲ ਰਿਹਾ ਹੈ। ਇਹ ਸਾਡੇ ਉੱਪਰ ਝੂਠੇ ਦੋਸ਼ ਲਾ ਰਹੇ ਹਨ। 
ਇਸ ਸਬੰਧੀ ਐੱਸ. ਐੱਚ. ਓ. ਭਿੱਖੀਵਿੰਡ ਬਲਵਿੰਦਰ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਧੜਿਆਂ ਦਾ ਆਪਸੀ ਝਗੜਾ ਹੋਇਆ ਹੈ, ਜਿਨ੍ਹਾਂ ਦੀਆਂ ਦਰਖਾਸਤਾਂ ਆ ਗਈਆਂ ਹਨ ਅਤੇ ਇਨ੍ਹਾਂ ਧਿਰਾਂ ਨੂੰ ਸਰਕਾਰੀ ਹਸਪਤਾਲ ਵਿਖੇ ਇਲਾਜ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਡਾਕਟਰੀ ਰਿਪੋਰਟ ਆਉਣ 'ਤੇ ਦੋਸ਼ੀ ਧਿਰ ਖਿਲਾਫ ਬਣਦੀ ਕਰਵਾਈ ਕੀਤੀ ਜਾਵੇਗੀ।