ਹਰੇਕ ਲਾਭਪਾਤਰੀ ਨੂੰ ਮਿਲੇਗਾ ਹੁਣ ਸਰਕਾਰੀ ਯੋਜਨਾਵਾਂ ਦਾ ਲਾਭ

11/25/2017 12:38:21 PM


ਅਬੋਹਰ (ਸੁਨੀਲ, ਰਹੇਜਾ) - ਸਰਕਾਰ ਵੱਲੋਂ ਚਲਾਈਆਂ ਜਾਣ ਵਾਲੀਆਂ ਸਕੀਮਾਂ ਦਾ ਲਾਭ ਜਨ-ਜਨ ਤੱਕ ਪਹੁੰਚਾਉਣ ਲਈ ਮਹਾਤਮਾ ਗਾਂਧੀ 'ਸਰਬੱਤ ਵਿਕਾਸ ਯੋਜਨਾ' ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਸਬੰਧੀ ਬੀ. ਡੀ. ਪੀ. ਓ. ਤੇ ਪੰਚਾਇਤ ਸਕੱਤਰਾਂ ਨੂੰ ਇਸਦੀ ਜਾਣਕਾਰੀ ਦੇਣ ਲਈ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੇ ਇਕ ਮੀਟਿੰਗ ਬੁਲਾਈ, ਜਿਸ ਵਿਚ ਉਨ੍ਹਾਂ ਨੂੰ ਸਰਬੱਤ ਯੋਜਨਾ ਦੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਮੀਟਿੰਗ ਦੌਰਾਨ ਉਪਮੰਡਲ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੀਆਂ ਸਕੀਮਾਂ ਤੋਂ ਵਾਂਝੇ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦੇਣ ਲਈ ਸੂਬਾ ਸਰਕਾਰ ਦੇ ਆਦੇਸ਼ਾਂ 'ਤੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਸ਼ੁਰੂ ਕੀਤੀ ਗਈ ਹੈ, ਜਿਸਦੇ ਤਹਿਤ ਘਰ-ਘਰ ਜਾ ਕੇ ਸਰਵੇ ਕੀਤਾ ਜਾਵੇਗਾ ਕਿ ਕੀ ਪੈਨਸ਼ਨ, ਆਟਾ-ਦਾਲ ਅਤੇ ਸਿਹਤ ਸਬੰਧੀ ਸਕੀਮਾਂ ਸਮੇਤ ਕਰੀਬ 23 ਸਕੀਮਾਂ ਦਾ ਲਾਭ ਲੋਕਾਂ ਨੂੰ ਮਿਲ ਰਿਹਾ ਹੈ ਜਾਂ ਨਹੀਂ। ਇਸਦੀ ਪੂਰੀ ਰਿਪੋਰਟ ਤਿਆਰ ਕਰਕੇ ਸਰਕਾਰ ਨੂੰ ਭੇਜੀ ਜਾਵੇਗੀ ਅਤੇ ਵਾਂਝੇ ਲੋਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਦਿੱਤਾ ਜਾਵੇਗਾ।ਉਪਮੰਡਲ ਅਧਿਕਾਰੀ ਨੇ ਮੀਟਿੰਗ ਵਿਚ ਹਾਜ਼ਰ ਅਧਿਕਾਰੀਆਂ ਨੂੰ ਕਿਹਾ ਕਿ ਇਸ ਸਰਵੇ ਦੀ ਪੂਰੀ ਰਿਪੋਰਟ ਤਿਆਰ ਕਰਕੇ ਭੇਜਣੀ ਹੈ ਅਤੇ ਇਸਦੀ ਸ਼ੁਰੂਆਤ ਜਲਦ ਹੀ ਪਿੰਡਾਂ ਵਿਚ ਕੀਤੀ ਜਾਵੇਗੀ। ਇਸ ਯੋਜਨਾ ਦੀ ਸਫਲਤਾ ਦੇ ਲਈ ਨੰਬਰਦਾਰ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੈਂਬਰ ਉਨ੍ਹਾਂ ਦਾ ਸਹਿਯੋਗ ਕਰਨਗੇ। ਇਸ ਮੌਕੇ ਪੰਚਾਇਤ ਸਕੱਤਰਾਂ ਤੇ ਮੈਡਮ ਪੂਨਮ ਸਿੰਘ ਨੇ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਹੀ ਬੀ. ਐੱਲ. ਓ. ਤੇ ਵਾਰਡਬੰਦੀ ਦਾ ਕੰਮ ਲਿਆ ਜਾ ਰਿਹਾ ਹੈ। ਇਸ ਲਈ ਉਨ੍ਹਾਂ ਦੀ ਪੰਜਾਬ ਪੱਧਰੀ ਯੂਨੀਅਨ ਨੇ ਇਸ ਕੰਮ ਦਾ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ।
ਜਦ ਤੱਕ ਉਨ੍ਹਾਂ ਨੂੰ ਪੰਜਾਬ ਪੱਧਰੀ ਯੂਨੀਅਨ ਇਸ ਕੰਮ ਦੇ ਲਈ ਨਹੀਂ ਕਹੇਗੀ, ਉਹ ਇਸ ਵਿਚ ਆਪਣਾ ਸਹਿਯੋਗ ਨਹੀਂ ਦੇਣਗੇ। ਇੰਨਾ ਹੀ ਨਹੀਂ ਜੇਕਰ ਉਨ੍ਹਾਂ ਨੂੰ ਕੰਮ ਕਰਨਾ ਵੀ ਪਿਆ ਤਾਂ ਇਕ ਪੰਚਾਇਤ ਸਕੱਤਰ ਕੇਵਲ ਇਕ ਪਿੰਡ ਦਾ ਕੰਮ ਸੰਭਾਲੇਗਾ, ਜਿਸ 'ਤੇ ਉਪਮੰਡਲ ਅਧਿਕਾਰੀ ਪੂਨਮ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਹਰ ਤਰ੍ਹਾਂ ਨਾਲ ਉਨ੍ਹਾਂ ਦਾ ਸਹਿਯੋਗ ਕਰੇਗਾ। ਮੀਟਿੰਗ ਵਿਚ ਬੀ. ਡੀ. ਪੀ. ਓ. ਬਲਾਕ ਭੁਪਿੰਦਰ ਸਿੰਘ, ਖੂਈਆਂ ਸਰਵਰ ਦੇ ਬੀ. ਡੀ. ਪੀ. ਓ. ਜਸਵੰਤ ਸਿੰਘ, ਸੁਪਰਡੈਂਟ ਬਲਕਰਨ ਸਿੰਘ ਤੇ ਗਗਨਦੀਪ ਤੋਂ ਇਲਾਵਾ ਉਪਮੰਡਲ ਅਧਿਕਾਰੀ ਦਫਤਰ ਦੇ ਸੁਪਰਡੈਂਟ ਰਾਮ ਰਤਨ, ਰੀਡਰ ਹਰਦੀਪ ਕੌਰ ਅਤੇ ਪੰਚਾਇਤ ਸਕੱਤਰ ਵੀ ਹਾਜ਼ਰ ਸਨ।