ਬੋਰਵੈੱਲ ਦੀ ਮਿੱਟੀ ਬੈਠਣ ਨਾਲ ਬਣਿਆ ਦਹਿਸ਼ਤ ਦਾ ਮਾਹੌਲ

07/15/2017 6:27:29 AM

ਫਗਵਾੜਾ, (ਜਲੋਟਾ)- ਮੁਹੱਲਾ ਕੌਲਸਰ ਖੋਥੜਾਂ ਰੋਡ ਸਥਿਤ ਡਾ. ਬੀ. ਆਰ. ਅੰਬੇਡਕਰ ਪਾਰਕ/ਭਵਨ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ, ਜਦੋਂ ਵਾਟਰ ਸਪਲਾਈ ਵਿਭਾਗ ਵਲੋਂ ਆਰਜ਼ੀ ਤੌਰ 'ਤੇ ਕੀਤੇ ਗਏ ਬੋਰਵੈੱਲ ਦੀ ਮਿੱਟੀ ਅਚਾਨਕ ਧੱਸ ਗਈ। ਉਸ ਸਮੇਂ ਇਲਾਕੇ ਦੇ ਛੋਟੇ ਬੱਚੇ ਪਾਰਕ 'ਚ ਖੇਡ ਰਹੇ ਸਨ। ਇਲਾਕੇ ਦੇ ਲੋਕ ਤੁਰੰਤ ਮੌਕੇ 'ਤੇ ਇਕੱਠੇ ਹੋ ਗਏ ਅਤੇ ਉਨ੍ਹਾਂ ਨੇ ਮਿੱਟੀ ਪਾ ਕੇ ਬੋਰਵੈੱਲ ਨੂੰ ਪੂਰਨ ਦੀ ਕੋਸ਼ਿਸ਼ ਕੀਤੀ। 
ਇਸ ਬਾਰੇ ਡਾ. ਬੀ. ਆਰ. ਅੰਬੇਡਕਰ ਸਪੋਰਟਸ ਐਂਡ ਵੈੱਲਫੇਅਰ ਕਲੱਬ ਰਜਿ. ਦੇ ਪ੍ਰਧਾਨ ਜਸਵੰਤ ਸਿੰਘ, ਮਨਜੀਤ ਸਿੰਘ, ਬੰਟੀ, ਰਾਜ ਕੁਮਾਰ, ਤਰਸੇਮ ਲਾਲ, ਬੀਬੀ ਤਾਰੋ, ਜਸਵਿੰਦਰ ਕੌਰ, ਮੀਨਾ ਦੇਵੀ, ਕੁਲਵਿੰਦਰ ਕੌਰ, ਮਨਜੀਤ ਕੌਰ, ਗੁਰਬਖਸ਼ ਕੌਰ, ਗੁਰਦੇਵ ਕੌਰ, ਸਵਰਨ ਕੌਰ, ਰਣਜੀਤ ਕੌਰ, ਸੀਤਾ ਦੇਵੀ ਅਤੇ ਸੱਤਿਆ ਦੇਵੀ ਨੇ ਦੱਸਿਆ ਕਿ ਵਾਟਰ ਸਪਲਾਈ ਵਿਭਾਗ ਵਲੋਂ ਪਾਰਕ ਦੀ ਜਗ੍ਹਾ 'ਚ ਆਰਜ਼ੀ ਤੌਰ 'ਤੇ ਕਰੀਬ 30 ਫੁੱਟ ਡੂੰਘਾ ਬੋਰਵੈੱਲ ਬਣਾਇਆ ਸੀ, ਜਿਸ ਨੂੰ ਬਾਅਦ 'ਚ ਮਿੱਟੀ ਪਾ ਕੇ ਪੂਰ ਦਿੱਤਾ ਗਿਆ। ਉਨ੍ਹਾਂ ਬੋਰ ਨੂੰ ਚੰਗੀ ਤਰ੍ਹਾਂ ਦਬਾਅ ਕੇ ਨਾ ਪੂਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਮਿੱਟੀ ਪੂਰਨ ਤੋਂ ਬਾਅਦ ਉੱਪਰ ਇਕ ਬੋਰਾ ਰੱਖ ਦਿੱਤਾ ਗਿਆ ਸੀ ਪਰ ਅੱਜ ਮਿੱਟੀ ਪੋਲੀ ਹੋਣ ਕਰਕੇ ਕਈ ਫੁਟ ਤਕ ਧੱਸ ਗਈ ਪਰ ਕੋਈ ਹਾਦਸਾ ਨਹੀਂ ਵਾਪਰਿਆ। ਮੁਹੱਲਾ ਨਿਵਾਸੀਆਂ ਵਲੋਂ ਇਸ ਸਬੰਧੀ ਇਕ ਮੰਗ ਪੱਤਰ ਐੱਸ. ਡੀ. ਐੱਮ. ਫਗਵਾੜਾ ਦੇ ਨਾਂ ਸੁਪਰਡੈਂਟ ਹਰਜੀਤ ਸਿੰਘ ਨੂੰ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਹਾਈਕੋਰਟ ਦੀਆਂ ਹਦਾਇਤਾਂ ਮੁਤਾਬਕ ਇਸ ਬੋਰਵੈੱਲ ਨੂੰ ਖੁੱਲ੍ਹਾ ਛੱਡਣ ਵਾਲਿਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਅਤੇ ਇਸ ਨੂੰ ਚੰਗੀ ਤਰ੍ਹਾਂ ਨਾਲ ਪੂਰਿਆ ਜਾਵੇ ਤਾਂ ਜੋ ਸਵੇਰੇ-ਸ਼ਾਮ ਪਾਰਕ 'ਚ ਸੈਰ ਕਰਨ ਲਈ ਆਉਣ ਵਾਲੇ ਲੋਕਾਂ ਅਤੇ ਖੇਡਣ ਵਾਲੇ ਬੱਚਿਆਂ ਨਾਲ ਕੋਈ ਹਾਦਸਾ ਨਾ ਵਾਪਰੇ। ਇਸ ਮੌਕੇ ਮਨਜੀਤ ਰਾਣੀ, ਪਰਵੀਨ ਕੌਰ, ਗੁਰਵਿੰਦਰ ਕੌਰ, ਵਿਦਿਆ ਦੇਵੀ, ਮਹਿੰਦਰ ਰਾਮ, ਹਰਪ੍ਰੀਤ ਰਾਮ, ਮਨੀ ਕੁਮਾਰ, ਹਰਸ਼, ਗੁਰਦੀਪ ਹੈਪੀ ਆਦਿ ਹਾਜ਼ਰ ਸਨ।