ਜੰਗ ਦਾ ਅਖਾੜਾ ਬਣੀ ਵਿਧਾਨ ਸਭਾ, ਜ਼ਖਮੀ ਹੋਏ 'ਆਪ' ਆਗੂਆਂ ਦਾ ਹਾਲ ਜਾਨਣ ਪੁੱਜਿਆ ਬਾਦਲ ਪਰਿਵਾਰ (ਵੀਡੀਓ)

06/22/2017 4:52:32 PM

ਚੰਡੀਗੜ੍ਹ — ਪੰਜਾਬ ਵਿਧਾਨ ਸਭਾ ਦੇ 7ਵੇਂ ਦਿਨ ਸਪੀਕਰ ਵਲੋਂ ਬਾਹਰ ਕੱਢੇ ਗਏ 'ਆਪ' ਵਿਧਾਇਕਾਂ ਦੀ ਮਾਰਸ਼ਲਾਂ ਨਾਲ ਹੋਈ ਹੱਥੋਪਾਈ 'ਚ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਜ਼ਖਮੀ ਹੋ ਗਈ, ਹੱਥੋਪਾਈ ਦੌਰਾਨ ਸਰਬਜੀਤ ਕੌਰ ਦੇ ਸਿਰ 'ਚ ਸੱਟ ਵੱਜੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਇਸ ਹੱਥੋਪਾਈ ਦੌਰਾਨ 'ਆਪ' ਦਾ ਇਕ ਹੋਰ ਵਿਧਾਇਕ ਵੀ ਜ਼ਖਮੀ ਹੋ ਗਿਆ। ਸਾਥੀ ਵਿਧਾਇਕਾਂ ਵਲੋਂ ਤੁਰੰਤ ਦੋਹਾਂ ਨੂੰ ਸੈਕਟਰ 16 ਦੇ ਹਸਪਤਾਲ ਪਹੁੰਚਾਇਆ ਗਿਆ। 
ਦੱਸ ਦੇਈਏ ਕਿ ਵਿਧਾਨ ਸਭਾ 'ਚ 'ਆਪ' ਵਿਧਾਇਕ ਸੁਖਪਾਲ ਖਹਿਰਾ ਤੇ ਸਿਮਰਜੀਤ ਬੈਂਸ ਦੇ ਦਾਖਲੇ 'ਤੇ ਲੱਗੀ ਰੋਕ ਦੇ ਵਿਰੋਧ 'ਚ 'ਆਪ' ਵਿਧਾਇਕਾਂ ਵਲੋਂ ਹੰਗਾਮਾ ਕੀਤਾ ਗਿਆ, ਜਿਸ ਤੋਂ ਬਾਅਦ ਸਪੀਕਰ ਨੇ ਉਨ੍ਹਾਂ ਨੂੰ ਸਦਨ 'ਚੋਂ ਬਾਹਰ ਕੱਢ ਦਿੱਤਾ। 
ਜ਼ਿਕਰਯੋਗ ਹੈ ਕਿ 'ਆਪ' ਵਿਧਾਇਕ ਸੁਖਪਾਲ ਖਹਿਰਾ ਨੂੰ ਅਸੈਂਬਲੀ ਦੀ ਵੀਡੀਓ ਬਣਾਉਣ ਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੂੰ ਸਪੀਕਰ ਵੱਲ ਪੇਪਰ ਸੁਟਣ ਕਾਰਨ ਵਿਧਾਨ ਸਭਾ ਦੇ ਸਾਰੇ ਸੈਸ਼ਨਾਂ 'ਚੋਂ ਮੁਅੱਤਲ ਕਰ ਦਿੱਤਾ ਗਿਆ ਸੀ। ਜਿਸ ਦਾ ਵਿਰੋਧ ਅੱਜ ਆਮ ਆਦਮੀ ਪਾਰਟੀ ਵਲੋਂ ਸਦਨ 'ਚ ਕੀਤਾ ਜਾ ਰਿਹਾ ਸੀ। 
ਇਸ ਮੌਕੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ 16 ਸੈਕਟਰ 'ਚ 'ਆਪ' ਵਿਧਾਇਕ ਦਾ ਹਾਲ ਜਾਨਣ ਪਹੁੰਚੇ। ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਮੇਰੇ ਸਿਆਸੀ ਜੀਵਨ 'ਚ ਇਹ ਪਹਿਲੀ ਘਟਨਾ ਹੈ ਜਦ ਇਕ ਮਹਿਲਾ ਵਿਧਾਇਕ ਤੇ ਹੋਰ ਵਿਧਾਇਕਾਂ ਨਾਲ ਸਦਨ 'ਚ ਕੁੱਟਮਾਰ ਕੀਤੀ ਗਈ। ਇਹ ਘਟਨਾ ਨਿੰਦਣਯੋਗ ਹੈ। 
ਉਥੇ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ, 'ਆਪ' ਵਿਧਾਇਕ ਅਮਨ ਅਰੋੜਾ, ਹਰਵਿੰਦਰ ਸਿੰਘ ਫੂਲਕਾ, ਕੰਵਰ ਸੰਧੂ ਇਕੱਠੇ ਇਕੋ ਗੱਡੀ 'ਚ ਜਾ ਕੇ 'ਆਪ' ਵਿਧਾਇਕ ਦੀ ਪੱਗ ਦੇ ਕੇ ਆਏ ਤੇ ਨਾਲ ਹੀ ਉਨ੍ਹਾਂ ਜ਼ਖਮੀਆਂ ਦਾ ਹਾਲ-ਚਾਲ ਵੀ ਜਾਣਿਆ।