ਪੰਜਾਬ ''ਚ ਨਹੀਂ ਰਿਲੀਜ਼ ਹੋਵੇਗੀ ''ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ''!

01/01/2019 1:28:25 PM

ਚੰਡੀਗੜ੍ਹ, (ਕਮਲ)— ਪੰਜਾਬ 'ਚ 'ਦਿ ਐਕਸੀਡੈਂਟਲ ਪ੍ਰਾਈਮ ਮਨਿਸਟਰ' ਫਿਲਮ ਰਿਲੀਜ਼ ਹੋਣੀ ਮੁਸ਼ਕਲ ਲੱਗ ਰਹੀ ਹੈ। ਕੈਪਟਨ ਸਰਕਾਰ 'ਚ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਕਿਹਾ ਹੈ ਕਿ ਪੰਜਾਬ 'ਚ ਇਸ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦਿੱਤਾ ਜਾਵੇਗਾ। ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਇਸ ਫਿਲਮ ਦੀ ਰਿਲੀਜ਼ਿੰਗ ਨੂੰ ਲੈ ਕੇ ਭਾਜਪਾ 'ਤੇ ਤਿੱਖਾ ਸਿਆਸੀ ਹਮਲਾ ਬੋਲਿਆ।
ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਅੰਦਰਖਾਤੇ ਮਿਲੀਭੁਗਤ ਕਰਕੇ ਫਿਲਮ ਨੂੰ ਜਾਣ ਬੁੱਝ ਕੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਰਿਲੀਜ਼ ਕਰਵਾਉਣਾ ਚਾਹੁੰਦੀ ਹੈ, ਤਾਂ ਜੋ ਕਾਂਗਰਸ ਪਾਰਟੀ ਨੂੰ 2019 ਦੀਆਂ ਲੋਕ ਸਭਾ ਚੋਣਾਂ 'ਚ ਢਾਹ ਲਾਈ ਜਾ ਸਕੇ ਪਰ ਉਹ ਆਪਣੇ ਮਨਸੂਬਿਆਂ 'ਚ ਬਿਲਕੁਲ ਕਾਮਯਾਬ ਨਹੀ ਹੋਵੇਗੀ, ਕਿਉਂਕਿ ਸੱਚ ਨੇ ਹਮੇਸ਼ਾ ਸੱਚ ਹੀ ਰਹਿਣਾ ਜਦਕਿ ਝੂਠ ਦੇ ਪੈਰ ਨਹੀਂ ਹੁੰਦੇ।ਭਾਜਪਾ ਝੂਠ ਦਾ ਸਹਾਰਾ ਲੈ ਰਹੀ ਹੈ।ਉਨ੍ਹਾਂ ਕਿਹਾ ਡਾ. ਮਨਮੋਹਨ ਸਿੰਘ 'ਤੇ ਬਣਾਈ ਗਈ ਇਸ ਫਿਲਮ ਵਿਚ ਅਸਲ ਵਿਚ ਸਾਬਕਾ ਪ੍ਰਧਾਨ ਮੰਤਰੀ ਨੂੰ ਇਕ ਕਮਜ਼ੋਰ ਪ੍ਰਧਾਨ ਮੰਤਰੀ ਵਜੋਂ ਵਿਖਾਉਣ ਦਾ ਜੋ ਯਤਨ ਕੀਤਾ ਗਿਆ ਹੈ, ਜੋ ਬਿਲਕੁਲ ਗਲਤ ਹੈ ਕਿਉਂਕਿ ਡਾ. ਮਨਮੋਹਨ ਸਿੰਘ ਦੇਸ਼ ਦੇ ਸਫਲ ਪ੍ਰਧਾਨ ਮੰਤਰੀਆਂ ਵਿਚੋਂ ਇਕ ਹਨ, ਜਿਨ੍ਹਾਂ ਦੀ ਦਿਮਾਗੀ ਤਾਕਤ ਦਾ ਲੋਹਾ ਅਮਰੀਕਾ ਵਰਗੇ ਦੇਸ਼ ਵੀ ਮੰਨਦੇ ਸਨ।

ਧਰਮਸੌਤ ਨੇ ਕਿਹਾ ਕਿ ਡਾ. ਮਨਮੋਹਨ ਸਿੰਘ ਇਕ ਸਫਲ ਅਰਥਸ਼ਾਸਤਰੀ ਹੋਏ ਹਨ, ਜਿਨ੍ਹਾਂ ਨੇ ਦੇਸ਼ ਦੀ ਅਰਥਵਿਵਸਥਾ ਨੂੰ ਮਜ਼ਬੂਤ ਕੀਤਾ ਅਤੇ ਰਾਈਟ ਟੂ ਐਜੂਕੇਸ਼ਨ, ਆਧਾਰ ਕਾਰਡ ਅਤੇ ਅਮਰੀਕਾ ਵਰਗੇ ਸੁਪਰ ਪਾਵਰ ਦੇਸ਼ਾਂ ਨਾਲ ਨਿਊਕਲੀਅਰ ਡੀਲ ਵਰਗੇ ਅਤਿ ਮਹੱਤਵਪੂਰਨ ਫੈਸਲੇ ਲੈ ਕੇ ਦੇਸ਼ ਨੂੰ ਪੂਰੀ ਦੁਨੀਆ 'ਚ ਚਮਕਾਇਆ। ਉਨ੍ਹਾਂ ਕਿਹਾ ਕਿ ਅਸਲ 'ਚ ਭਾਜਪਾ ਨੂੰ 2019 ਵਿਚ ਆਪਣੀ ਹਾਰ ਸਾਹਮਣੇ ਦਿਖ ਰਹੀ ਹੈ, ਜਿਸ ਕਰਕੇ ਉਹ ਇਸ ਫਿਲਮ ਦੇ ਜ਼ਰੀਏ ਮੁੜ ਸੱਤਾ 'ਤੇ ਕਾਬਜ਼ ਹੋਣ ਦੇ ਹੋਛੇ ਯਤਨਾਂ ਨੂੰ ਅੰਜਾਮ ਦੇਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੁਮਲਾ ਮੈਨ ਸਿੱਧ ਹੋਏ ਹਨ, ਜਿਨ੍ਹਾਂ ਨੇ ਗੱਪਾਂ ਮਾਰ ਕੇ ਦੇਸ਼ ਵਾਸੀਆਂ ਦਾ ਭਰੋਸਾ ਗੁਆ ਲਿਆ ਹੈ।ਅੱਜ ਦੇਸ਼ ਵਾਸੀ ਰਾਹੁਲ ਗਾਂਧੀ ਨੂੰ ਆਪਣੇ ਸੁਪਨਿਆਂ ਦਾ ਬਾਦਸ਼ਾਹ ਮੰਨਣ ਲੱਗੇ ਹਨ ਤੇ ਉਹ ਉਨ੍ਹਾਂ ਨੂੰ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਵੇਖ ਰਹੇ ਹਨ।ਕੈਬਨਿਟ ਮੰਤਰੀ ਨੇ ਸ਼ਪਸ਼ੱਟ ਸ਼ਬਦਾਂ ਵਿਚ ਐਲਾਨ ਕੀਤਾ ਕਿ ਇਸ ਫਿਲਮ ਨੂੰ ਪੰਜਾਬ 'ਚ ਰਿਲੀਜ਼ ਹੋਣ ਨਹੀਂ ਦਿੱਤਾ ਜਾਵੇਗਾ।