ਸੋਸ਼ਲ ਮੀਡੀਆ ''ਤੇ ਅੱਤਵਾਦੀਆਂ ਦੀ ਗਰੁੱਪ ਫੋਟੋ ਵਾਇਰਲ

07/29/2015 12:23:00 PM

ਅੰਮ੍ਰਿਤਸਰ (ਸ. ਹ.)- ਬੇਸ਼ੱਕ ਦੀਨਾਨਗਰ ਪੁਲਸ ਥਾਣੇ ''ਚ ਹੋਏ ਅੱਤਵਾਦੀ ਹਮਲੇ ਦਾ ਪੰਜਾਬ ਪੁਲਸ ਤੇ ਫੌਜ ਵੱਲੋਂ ਮੂੰਹ-ਤੋੜ ਜਵਾਬ ਦਿੱਤਾ ਗਿਆ ਹੈ ਤੇ ਪੰਜਾਬ ਪੁਲਸ ਨੇ ਖੁਦ ਸਾਰਾ ਆਪ੍ਰੇਸ਼ਨ ਕਰਕੇ ਦੁਨੀਆ ਨੂੰ ਇਹ ਦੱਸ ਦਿੱਤਾ ਹੈ ਕਿ ਪੰਜਾਬ ਪੁਲਸ ਕਿਸੇ ਵੀ ਤਰ੍ਹਾਂ ਅੱਤਵਾਦੀ ਹਮਲੇ ਦਾ ਜਵਾਬ ਦੇਣ ''ਚ ਸਮਰਥ ਹੈ ਪਰ ਆਪ੍ਰੇਸ਼ਨ ਖਤਮ ਹੋਣ ਤੋਂ ਬਾਅਦ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਭਾਰਤ ''ਚ ਇਨ੍ਹਾਂ ਅੱਤਵਾਦੀਆਂ ਦੇ ਨਾਲ ਕੁਝ ਹੋਰ ਅੱਤਵਾਦੀ ਵੀ ਘੁਸਪੈਠ ਕਰ ਚੁੱਕੇ ਹਨ ਜੋ ਆਜ਼ਾਦੀ ਦਿਹਾੜੇ ''ਤੇ ਅੱਤਵਾਦੀ ਹਮਲੇ ਦੀ ਸਾਜ਼ਿਸ਼ ਕਰ ਸਕਦੇ ਹਨ। ਪੰਜਾਬ ''ਚ ਇਸ ਤਰ੍ਹਾਂ ਦੀਆਂ ਅਫਵਾਹਾਂ ਤਾਂ ਚੱਲ ਹੀ ਰਹੀਆਂ ਹਨ, ਉਥੇ ਹੀ ਸੋਸ਼ਲ ਮੀਡੀਆ ''ਤੇ ਤਾਂ ਅੱਤਵਾਦੀਆਂ ਦੀ ਇਕ ਫੋਟੋ ਵੀ ਵਾਇਰਲ ਹੋ ਚੁੱਕੀ ਹੈ, ਜਿਸ ਵਿਚ 5 ਨੌਜਵਾਨ ਫੌਜ ਦੀ ਵਰਦੀ ''ਚ ਦਿਖਾਏ ਜਾ ਰਹੇ ਹਨ ਹਾਲਾਂਕਿ ਸੱਚਾਈ ਭਾਵੇਂ ਜੋ ਕੁਝ ਵੀ ਹੋਵੇ ਪਰ ਆਮ ਜਨਤਾ ''ਚ ਇਨ੍ਹਾਂ ਅਫਵਾਹਾਂ ਕਾਰਨ ਦਹਿਸ਼ਤ ਦਾ ਮਾਹੌਲ ਹੈ ਤੇ ਇਹ ਚਰਚਾ ਆਮ ਸੁਣਨ ਨੂੰ ਮਿਲ ਰਹੀ ਹੈ ਕਿ ਜੇਕਰ ਮਾਰੇ ਗਏ 3 ਅੱਤਵਾਦੀ ਬਾਰਡਰ ਪਾਰ ਕਰਕੇ ਭਾਰਤੀ ਸਰਹੱਦ ''ਚ ਆ ਸਕਦੇ ਹਨ ਤਾਂ ਉਨ੍ਹਾਂ ਦੇ ਸਾਥੀ ਵੀ ਤਾਂ ਆ ਸਕਦੇ ਹਨ।   ਇੰਨਾ ਹੀ ਨਹੀਂ ਸੁਰੱਖਿਆ ਏਜੰਸੀਆਂ ਵੀ ਇਸ ਗੱਲ ਤੋਂ ਇਨਕਾਰੀ ਨਹੀਂ ਹਨ ਕਿ ਕੁਝ ਹੋਰ ਅੱਤਵਾਦੀਆਂ ਦੇ ਭਾਰਤ ''ਚ ਹੋਣ ਦੀ ਸੰਭਾਵਨਾ ਹੈ। ਉਥੇ ਹੀ ਦੂਸਰੇ ਪਾਸੇ ਅਟਾਰੀ ਬਾਰਡਰ ਸਥਿਤ ਰਿਟ੍ਰੀਟ ਸੈਰਾਮਨੀ ਵਾਲੀ ਥਾਂ, ਆਈ. ਸੀ. ਪੀ. ਅਟਾਰੀ ਤੇ ਅਟਾਰੀ ਰੇਲਵੇ ਸਟੇਸ਼ਨ ''ਤੇ ਸੁਰੱਖਿਆ ਪ੍ਰਬੰਧ ਹੋਰ ਸਖਤ ਕਰ ਦਿੱਤੇ ਗਏ ਹਨ। ਬੀ. ਐੱਸ. ਐੱਫ. ਅਧਿਕਾਰੀਆਂ ਅਨੁਸਾਰ ਨਾਜ਼ੁਕ ਥਾਵਾਂ ''ਤੇ ਪਹਿਲਾਂ ਤੋਂ ਹੀ ਸੁਰੱਖਿਆ ਪ੍ਰਬੰਧ ਪੁਖਤਾ ਕੀਤੇ ਗਏ ਹਨ। ਰਿਟਰੀਟ ਸੈਰਾਮਨੀ ਥਾਂ ਤੋਂ ਇਕ ਕਿਲੋਮੀਟਰ ਪਹਿਲਾਂ ਹੀ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿਸੇ ਵੀ ਤਰ੍ਹਾਂ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ। 
ਜ਼ਿਕਰਯੋਗ ਹੈ ਕਿ ਰਿਟ੍ਰੀਟ ਸੈਰਾਮਨੀ ਅਸਥਾਨ ਅਟਾਰੀ, ਆਈ. ਸੀ. ਪੀ. ਅਟਾਰੀ ਤੇ ਸਮਝੌਤਾ ਐਕਸਪ੍ਰੈੱਸ ਨੂੰ ਵੀ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਵੱਲੋਂ ਉਡਾਉਣ ਦੀ ਧਮਕੀ ਦਿੱਤੀ ਜਾ ਚੁੱਕੀ ਹੈ। ਇੰਨਾ ਹੀ ਨਹੀਂ ਪਾਕਿਸਤਾਨ ਦੇ ਵਾਹਗਾ ਬਾਰਡਰ ਤੋਂ ਤਾਂ ਅੱਤਵਾਦੀ ਪਾਕਿਸਤਾਨੀ ਰਿਟ੍ਰੀਟ ਸੈਰਾਮਨੀ ਵਾਲੀ ਥਾਂ ਦੇ ਗੇਟ ''ਤੇ ਹਮਲਾ ਕਰਕੇ ਦਰਜਨਾਂ ਲੋਕਾਂ ਨੂੰ ਮੌਤ ਦੇ ਘਾਟ ਵੀ ਉਤਾਰ ਚੁੱਕੇ ਹਨ। ਅੱਤਵਾਦੀ ਹਮਲੇ ਦੀ ਚਿਤਾਵਨੀ ਤੋਂ ਬਾਅਦ ਹੀ ਅੰਮ੍ਰਿਤਸਰ ਤੋਂ ਲਾਹੌਰ ਅਤੇ ਦਿੱਲੀ-ਲਾਹੌਰ ਬੱਸ ਦੇ ਯਾਤਰੀਆਂ ਨੂੰ ਅਟਾਰੀ ਬਾਰਡਰ ਕ੍ਰਾਸ ਕਰਨ ਤੋਂ ਬਾਅਦ ਪ੍ਰਾਈਵੇਟ ਟਰਾਂਸਪੋਰਟ ਰਾਹੀਂ ਪਾਕਿਸਤਾਨ ਜਾਣਾ ਪੈਂਦਾ ਹੈ ਇਥੋਂ ਤਕ ਕਿ ਪਾਕਿਸਤਾਨ ਤੋਂ ਆਉਣ ਵਾਲੇ ਯਾਤਰੀਆਂ ਦੀ ਅਟਾਰੀ ਬਾਰਡਰ ''ਤੇ ਜ਼ੀਰੋ ਲਾਈਨ ''ਤੇ ਹੀ ਚੈਕਿੰਗ ਕੀਤੀ ਜਾ ਰਹੀ ਹੈ। ਸਮਝੌਤਾ ਐਕਸਪ੍ਰੈੱਸ ਨੂੰ ਤਾਂ ਪਾਕਿਸਤਾਨ ਦੀਆਂ ਸਾਰੀਆਂ ਸੁਰੱਖਿਆ ਏਜੰਸੀਆਂ ਆਪਣੀ ਐਸਕਾਰਟ ਦੇ ਰਹੀਆਂ ਹਨ।