ਅੱਤਵਾਦੀ ਜ਼ਾਕਿਰ ਮੂਸਾ ਦੇ 50 ਤੋਂ ਵੱਧ fb ਅਕਾਊਂਟਸ ਬੰਦ ਹੋਏ, ਅਜੇ ਵੀ 300 ਚਾਲੂ

05/28/2019 10:58:02 AM

ਜਲੰਧਰ (ਜ.ਬ.)— ਅੱਤਵਾਦੀ ਜ਼ਾਕਿਰ ਮੂਸਾ ਦੇ ਮਾਰੇ ਜਾਣ ਤੋਂ ਬਾਅਦ ਮੂਸਾ ਦੇ ਨਾਂ ਨਾਲ ਬਣੇ ਕਰੀਬ 50 ਐੱਫ. ਬੀ. ਅਕਾਊਂਟਸ ਡੀ-ਐਕਟੀਵੇਟ ਹੋ ਚੁੱਕੇ ਹਨ। ਅਜੇ ਵੀ ਮੂਸਾ ਦੇ 300 ਤੋਂ ਜ਼ਿਆਦਾ ਐੱਫ. ਬੀ. ਦੇ ਅਕਾਊਂਟਸ ਚਲ ਰਹੇ ਹਨ। ਇੰਨਾ ਹੀ ਨਹੀਂ, ਪੋਸਟਰ ਬੁਆਏ ਦੇ ਨਾਂ ਨਾਲ ਜਾਣੇ ਜਾਂਦੇ ਜ਼ਾਕਿਰ ਮੂਸਾ ਨੂੰ 10 ਹਜ਼ਾਰ ਤੋਂ ਵੀ ਜ਼ਿਆਦਾ ਨੌਜਵਾਨ ਲੜਕੇ ਤੇ ਲੜਕੀਆਂ ਫਾਲੋ ਕਰ ਰਹੇ ਹਨ। ਮੂਸਾ ਦੀ ਮੌਤ ਤੋਂ ਪਹਿਲਾਂ ਵੀ ਉਸ ਦੇ ਨਾਂ ਦੇ ਕਰੀਬ 400 ਤੋਂ ਵੀ ਜ਼ਿਆਦਾ ਅਕਾਊਂਟਸ ਬਣੇ ਹੋਏ ਸਨ। ਹਾਲ ਹੀ 'ਚ ਦੱਖਣ ਕਸ਼ਮੀਰ ਦੇ ਤਰਾਲ ਇਲਾਕੇ 'ਚ ਆਰਮੀ ਨੇ ਮੂਸਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ, ਜਿਸ ਨਾਲ ਮੂਸਾ ਦੇ 50 ਤੋਂ ਜ਼ਿਆਦਾ ਐੱਫ. ਬੀ. ਅਕਾਊਂਟਸ ਬੰਦ ਹੋ ਗਏ। ਇਹ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ ਕੁਝ ਲੋਕਾਂ ਨੇ ਆਪਣੇ ਨਾਂ ਨਾਲ ਬਣਾਏ ਅਕਾਊਂਟਸ 'ਤੇ ਵੀ ਜ਼ਾਕਿਰ ਮੂਸਾ ਦੀ ਹੀ ਤਸਵੀਰ ਲਾਈ ਹੋਈ ਹੈ।

ਅੱਤਵਾਦੀ ਬੁਰਹਾਨ ਵਾਨੀ ਦੀ ਮੌਤ ਤੋਂ ਬਾਅਦ ਸਾਹਮਣੇ ਆਏ ਮੂਸਾ ਨੇ ਜਲਦੀ ਹੀ ਵਾਨੀ ਦੀ ਜਗ੍ਹਾ ਸੰਭਾਲ ਲਈ ਤੇ ਦੇਸ਼ ਵਿਰੋਧੀ ਸਰਗਰਮੀਆਂ 'ਚ ਸ਼ਾਮਲ ਹੋ ਗਿਆ ਸੀ । 'ਜਗ ਬਾਣੀ' ਦੀ ਟੀਮ ਨੇ ਜ਼ਾਕਿਰ ਮੂਸਾ ਦੇ ਨਾਂ ਨਾਲ ਬਣੇ ਅਕਾਊਂਟਸ 'ਤੇ ਕਾਫੀ ਮੈਸੇਜ ਵੀ ਭੇਜੇ ਪਰ ਕਿਸੇ ਵੀ ਅਕਾਊਂਟਸ ਵਲੋਂ ਕੋਈ ਵੀ ਜਵਾਬ ਨਹੀਂ ਆਇਆ। ਜਿੰਨੇ ਵੀ ਮੂਸਾ ਦੇ ਅਕਾਊਂਟਸ ਹਨ ਉਨ੍ਹਾਂ 'ਚ ਮੂਸਾ ਨੇ ਪਿਸਟਲ, ਏ. ਕੇ .47, ਜਾਂ ਫਿਰ ਏ. ਕੇ. 56 ਵਰਗੇ ਹਥਿਆਰ ਫੜੇ ਹੋਏ ਹਨ। ਮੂਸਾ ਉਹੀ ਅੱਤਵਾਦੀ ਹੈ ਜਿਸ ਨੇ ਜਲੰਧਰ ਦੇ ਮਕਸੂਦਾਂ ਥਾਣੇ 'ਚ ਬੰਬ ਧਮਾਕੇ ਕਰਵਾਏ ਤੇ ਜਲੰਧਰ 'ਚ ਏ. ਕੇ. 56 , ਵਿਸਫੋਟਕ ਸਮੱਗਰੀ ਤੇ ਹੋਰ ਹਥਿਆਰਾਂ ਨੂੰ ਪਹੁੰਚਾਇਆ। ਜਲੰਧਰ 'ਚ ਮੂਸਾ ਖਿਲਾਫ 2 ਕੇਸ ਦਰਜ ਹੋਏ ਸਨ ਤੇ ਦੋਵੇਂ ਕੇਸ ਹੁਣ ਐੱਨ. ਆਈ. ਏ. ਦੇ ਹਵਾਲੇ ਹੋ ਚੁੱਕੇ ਹਨ। ਇਨ੍ਹਾਂ ਦੋਵੇਂ ਕੇਸਾਂ 'ਚ ਮੂਸਾ ਦਾ ਨਾਂ ਕਢਵਾਉਣ ਲਈ ਐੱਨ. ਆਈ. ਏ. ਦੀ ਟੀਮ ਮੂਸਾ ਦੇ ਮਾਰੇ ਜਾਣ ਦੇ ਦਸਤਾਵੇਜ਼ ਪੇਸ਼ ਕਰੇਗੀ।

Shyna

This news is Content Editor Shyna