ਅੱਤਵਾਦੀ ਮਿੰਟੂ ਕੇਸ ਦੀ ਸੁਣਵਾਈ 20 ਮਾਰਚ ਨੂੰ

03/14/2018 12:19:18 PM

ਲੁਧਿਆਣਾ (ਮਹਿਰਾ) : ਲੁਧਿਆਣਾ ਦੀ ਅਦਾਲਤ 'ਚ ਚੱਲ ਰਹੇ ਇਕ ਧਮਾਕੇ ਦੇ ਕੇਸ ਵਿਚ ਨਾਭਾ ਜੇਲ ਬ੍ਰੇਕ ਕਾਂਡ ਦੇ ਦੋਸ਼ੀ ਹਰਮਿੰਦਰ ਸਿੰਘ ਮਿੰਟੂ ਨੂੰ ਮੰਗਲਵਾਰ ਨੂੰ ਭਾਰੀ ਪੁਲਸ ਸੁਰੱਖਿਆ ਤਹਿਤ ਅਦਾਲਤ 'ਚ ਪੇਸ਼ ਕੀਤਾ ਗਿਆ। ਵਧੀਕ ਸੈਸ਼ਨ ਜੱਜ  ਅੰਜਨਾ ਦੀ ਅਦਾਲਤ 'ਚ ਪਿਛਲੀ ਪੇਸ਼ੀ 'ਤੇ ਅੱਤਵਾਦੀ ਮਿੰਟੂ ਨੂੰ ਪੇਸ਼ ਨਾ ਕੀਤੇ ਜਾਣ ਕਾਰਨ ਅਦਾਲਤ ਨੇ ਸੁਣਵਾਈ ਲਈ ਟਾਲਦੇ ਹੋਏ ਹਰਮਿੰਦਰ ਸਿੰਘ ਮਿੰਟੂ ਨੂੰ ਪੇਸ਼ ਕਰਨ ਨੂੰ ਲੈ ਕੇ ਉਸ ਦੇ ਪ੍ਰੋਡਕਸ਼ਨ ਵਾਰੰਟ ਜਾਰੀ ਕਰਦਿਆਂ ਪੁਲਸ ਨੂੰ ਪੇਸ਼ੀ 'ਤੇ ਮਿੰਟੂ ਨੂੰ ਹਾਜ਼ਰ ਕਰਨ ਦੇ ਹੁਕਮ ਦਿੱਤੇ ਸਨ। ਪੁਲਸ ਨੇ ਮੰਗਲਵਾਰ ਸਵੇਰੇ ਹੀ ਮਿੰਟੂ ਨੂੰ ਭਾਰੀ ਪੁਲਸ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਵਿਚ ਬਚਾਅ-ਪੱਖ ਵੱਲੋਂ ਕੋਈ ਗਵਾਹ ਪੇਸ਼ ਨਹੀਂ ਕੀਤਾ ਗਿਆ ਪਰ ਮਿੰਟੂ ਦੇ ਵਕੀਲ ਨੇ ਬਹਿਸ ਕਰਦੇ ਹੋਏ ਕਿਹਾ ਕਿ ਮਿੰਟੂ ਨੂੰ ਇਸ ਕੇਸ ਵਿਚ ਝੂਠਾ ਫਸਾਇਆ ਗਿਆ ਹੈ। ਇਸ ਵਿਚ ਮਿੰਟੂ ਦਾ ਕੋਈ ਹੱਥ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੁਲਸ ਨੇ ਅਦਾਲਤ 'ਚ ਮੌਕੇ ਦਾ ਕੋਈ ਗਵਾਹ ਤੱਕ ਪੇਸ਼ ਨਹੀਂ ਕੀਤਾ, ਜਿਸ ਨੇ ਮਿੰਟੂ ਨੂੰ ਦੇਖਿਆ ਹੋਵੇ। ਪੁਲਸ ਨੇ ਬੇਤੁਕੀ ਕਹਾਣੀ ਬਣਾ ਕੇ ਅਦਾਲਤ ਨੂੰ ਗੁੰਮਰਾਹ ਕਰਨ ਦਾ ਕੰਮ ਕੀਤਾ ਹੈ। ਉਨ੍ਹਾਂ ਅਦਾਲਤ ਤੋਂ ਮਿੰਟੂ ਵਿਰੁੱਧ ਕੋਈ ਸਬੂਤ ਨਾ ਹੋਣ ਕਾਰਨ ਮਿੰਟੂ ਨੂੰ ਬਰੀ ਕਰਨ ਦੀ ਬੇਨਤੀ ਕੀਤੀ।
ਵਰਣਨਯੋਗ ਹੈ ਕਿ 2008 ਵਿਚ ਥਾਣਾ ਜਗਰਾਓਂ ਦੀ ਪੁਲਸ ਵੱਲੋਂ ਦੋਸ਼ੀ ਹਰਮਿੰਦਰ ਸਿੰਘ ਮਿੰਟੂ ਅਤੇ ਹੋਰਨਾਂ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਸੀ। ਇਸ ਵਿਚ ਦੋਸ਼ੀ ਮਿੰਟੂ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਬਾਅਦ ਵਿਚ ਪੁਲਸ ਵੱਲੋਂ ਮਿੰਟੂ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਅਦਾਲਤ 'ਚ ਚਲਾਨ ਪੇਸ਼ ਕਰ ਦਿੱਤਾ ਗਿਆ ਸੀ। ਇਸ ਕੇਸ ਵਿਚ ਪਹਿਲਾਂ ਹੀ ਤਿੰਨਾਂ ਦੋਸ਼ੀਆਂ ਨੂੰ ਸਬੂਤਾਂ ਦੀ ਕਮੀ ਕਾਰਨ ਬਰੀ ਕੀਤਾ ਜਾ ਚੁੱਕਾ ਹੈ। ਦੋ ਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ ਪਰ ਹਰਮਿੰਦਰ ਸਿੰਘ ਮਿੰਟੂ ਦੇ ਗ੍ਰਿਫਤਾਰ ਨਾ ਹੋਣ ਕਾਰਨ ਪੁਲਸ ਵੱਲੋਂ ਉਸ ਦੇ ਵਿਰੁੱਧ ਚਲਾਨ ਪੇਸ਼ ਨਹੀਂ ਕੀਤਾ ਗਿਆ ਸੀ। ਬਾਅਦ ਵਿਚ ਪੁਲਸ ਨੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਖਿਲਾਫ ਅਦਾਲਤ 'ਚ ਵੱਖਰਾ ਚਲਾਨ ਪੇਸ਼ ਕਰ ਦਿੱਤਾ ਸੀ। ਮਿੰਟੂ ਵਿਰੁੱਧ ਦਰਜ ਉਪਰੋਕਤ ਕੇਸ ਵਿਚ ਸਰਕਾਰੀ ਪੱਖ ਵੱਲੋਂ ਅਦਾਲਤ ਦੇ ਵਾਰ-ਵਾਰ ਮੌਕਾ ਦੇਣ ਦੇ ਬਾਵਜੂਦ ਆਪਣੀਆਂ ਗਵਾਹੀਆਂ ਨਾ ਕਰਵਾਏ ਜਾਣ ਕਾਰਨ ਪਿਛਲੀ ਪੇਸ਼ੀ 'ਤੇ ਮੁਦਈ ਪੱਖ ਨੂੰ ਝਟਕਾ ਦਿੰਦੇ ਹੋਏ ਉਨ੍ਹਾਂ ਦੀਆਂ ਗਵਾਹੀਆਂ ਬੰਦ ਕਰ ਦਿੱਤੀਆਂ ਸਨ। ਅਦਾਲਤ ਨੇ ਦੋਸ਼ੀ ਪੱਖ ਦੀਆਂ ਗਵਾਹੀਆਂ ਨੂੰ ਲੈ ਕੇ ਕੇਸ ਦੀ ਸੁਣਵਾਈ ਲਈ ਟਾਲ ਦਿੱਤੀ ਸੀ। ਅਗਲੀ ਪੇਸ਼ੀ 'ਤੇ ਮੁਦਈ ਵੱਲੋਂ ਸਰਕਾਰੀ ਵਕੀਲ ਦਿਨੇਸ਼ ਵਰਮਾ ਬਹਿਸ ਕਰਨਗੇ। ਅਦਾਲਤ ਇਸ ਦਿਨ ਮਿੰਟੂ ਕੇਸ ਵਿਚ ਆਪਣਾ ਫੈਸਲਾ ਵੀ ਸੁਣਾ ਸਕਦੀ ਹੈ।