''ਅੱਤਵਾਦੀ ਫੰਡਿੰਗ'' ਦਾ ਪਤਾ ਲਾਉਣ ਲਈ ਪੰਜਾਬ ਪੁਲਸ ਦੀ ਮਦਦ ਕਰੇਗਾ ਕੇਂਦਰ

11/21/2019 9:04:11 AM

ਚੰਡੀਗੜ੍ਹ (ਰਮਨਜੀਤ) : ਕੇਂਦਰੀ ਵਿੱਤ ਮੰਤਰਾਲੇ ਦੀ ਵਿੱਤੀ ਖੁਫੀਆ ਯੂਨਿਟ ਆਈ. ਐੱਨ. ਡੀ. (ਐੱਫ. ਆਈ. ਯੂ.-ਆਈ. ਐੱਨ. ਡੀ.) ਨੇ ਵਿਦੇਸ਼ੀ ਖਾਤਿਆਂ ਤੋਂ ਅੱਤਵਾਦੀਆਂ ਨੂੰ ਹੋ ਰਹੀ ਫੰਡਿੰਗ ਦੇ ਸਰੋਤਾਂ ਦਾ ਪਤਾ ਲਾਉਣ ਲਈ ਪੰਜਾਬ ਪੁਲਸ ਦੀ ਮਦਦ ਕਰਨ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਵਿਦੇਸ਼ੀ ਧਰਤੀ ਤੋਂ ਅੱਤਵਾਦੀ ਗਰੁੱਪਾਂ ਦੀ ਵਿੱਤੀ ਸਹਾਇਤਾ 'ਤੇ ਰੋਕ ਲਾਉਣ ਲਈ ਕੇਂਦਰੀ ਅਤੇ ਸੂਬੇ ਦੀਆਂ ਖੁਫੀਆ ਏਜੰਸੀਆਂ ਦੇ ਦਰਮਿਆਨ ਨਜ਼ਦੀਕੀ ਸਹਿਯੋਗ ਦਾ ਰਸਤਾ ਸਾਫ ਹੋ ਜਾਵੇਗਾ।

ਇੰਟੈਲੀਜੈਂਸ ਹੈਡ ਕੁਆਰਟਰ, ਮੋਹਾਲੀ 'ਚ ਪੰਜਾਬ ਪੁਲਸ ਦੇ ਸਹਿਯੋਗ ਨਾਲ ਵਿੱਤੀ ਇੰਟੈਲੀਜੈਂਸ ਯੂਨਿਟ-ਇੰਡੀਆ (ਐੱਫ. ਆਈ. ਯੂ.-ਆਈ. ਐੱਨ. ਡੀ.) ਵਲੋਂ ਅੱਤਵਾਦ ਵਿਰੋਧੀ ਐਂਟੀ ਮਨੀ ਲਾਂਡਰਿੰਗ ਅਤੇ ਕਾਊਂਟਰਿੰਗ ਫਾਈਨਾਂਸਿੰਗ ਆਫ ਟੈਰਰਿਜ਼ਮ ਦੇ ਮੱਦੇਨਜ਼ਰ ਆਯੋਜਿਤ ਖੇਤਰੀ ਕਾਨਫਰੰਸ 'ਚ ਇਹ ਫੈਸਲਾ ਲਿਆ ਗਿਆ। ਪੰਜਾਬ ਦੇ ਡੀ. ਜੀ. ਪੀ., ਇੰਟੈਲੀਜੈਂਸ ਵੀ. ਕੇ. ਭਾਵਰਾ ਨੇ ਅੱਤਵਾਦ ਖਿਲਾਫ ਲੜਨ ਲਈ ਪੰਜਾਬ ਦੀ ਵਚਨਬੱਧਤਾ ਜ਼ਾਹਰ ਕੀਤੀ। ਉਨ੍ਹਾਂ ਨੇ ਅੱਤਵਾਦੀ ਹਮਲੇ ਦੀ ਸੂਰਤ 'ਚ ਪਹਿਲਾਂ ਜਵਾਬਦੇਹੀ ਦੇ ਤੌਰ 'ਤੇ ਅੱਤਵਾਦ ਨਾਲ ਨਜਿੱਠਣ ਲਈ ਸੂਬਾ ਪੁਲਸ ਦੀ ਮਹੱਤਤਾ ਸਬੰਧੀ ਚਾਨਣਾ ਪਾਇਆ। ਇਸ ਕਾਨਫਰੰਸ ਦੌਰਾਨ ਅੱਤਵਾਦ ਅਤੇ ਨਵੇਂ ਯੁਗ ਦੇ ਅਪਰਾਧਾਂ ਦੇ ਨਾਲ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਵੱਖ-ਵੱਖ ਸੂਬਿਆਂ ਅਤੇ ਖੇਤਰਾਂ 'ਚ ਆਪਸੀ ਤਾਲਮੇਲ ਪੈਦਾ ਕਰਨ ਸਬੰਧੀ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।

Babita

This news is Content Editor Babita