ਪੰਜਾਬ ''ਚ ਅੱਤਵਾਦੀਆਂ ਦੇ ਦਾਖਲ ਹੋਣ ਦੀਆਂ ਵੀਡੀਓ ਵਾਇਰਲ, ਲੋਕ ਖੌਫਜ਼ਦਾ (ਤਸਵੀਰਾਂ)

07/31/2015 12:28:10 PM

ਚੰਡੀਗੜ੍ਹ/ਮਾਛੀਵਾੜਾ ਸਾਹਿਬ  (ਟੱਕਰ) - ਲੰਘੀ 27 ਜੁਲਾਈ ਨੂੰ ਗੁਰਦਾਸਪੁਰ ਜ਼ਿਲੇ ਦੇ ਦੀਨਾਨਗਰ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸੂਬੇ ''ਚ ਇਹ ਅਫਵਾਹਾਂ ਜ਼ੋਰਾਂ ''ਤੇ ਹਨ ਕਿ ਪਾਕਿਸਤਾਨ ਸਰਹੱਦ ਰਾਹੀਂ ਕਰੀਬ 1 ਦਰਜਨ ਅੱਤਵਾਦੀ ਪੰਜਾਬ ''ਚ ਦਾਖਲ ਹੋਏ ਹਨ, ਜਿਨ੍ਹਾਂ ''ਚੋਂ 3 ਨੂੰ ਤਾਂ ਮਾਰ ਦਿੱਤਾ ਗਿਆ ਤੇ ਬਾਕੀ ਅੱਤਵਾਦੀ ਸੂਬੇ ਵਿਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ''ਚ ਹਨ ਤੇ ਇਨ੍ਹਾਂ ਅਫਵਾਹਾਂ ਕਾਰਨ ਲੋਕ ਕਾਫ਼ੀ ਖੌਫਜ਼ਦਾ ਹਨ। ਸੋਸ਼ਲ ਮੀਡੀਆ ਜੋ ਕਿ ਅੱਜਕਲ ਲੋਕਾਂ ਤੱਕ ਹਰੇਕ ਸੰਦੇਸ਼ ਪਹੁੰਚਾਉਣ ਦਾ ਸੌਖਾ ਤਰੀਕਾ ਹੈ, ''ਤੇ ਕਈ ਸ਼ਰਾਰਤੀ ਅਨਸਰ ਵੱਖ-ਵੱਖ ਤਰ੍ਹਾਂ ਦੀਆਂ ਅਫਵਾਹਾਂ ਫੈਲਾ ਦਿੰਦੇ ਹਨ।

ਦੀਨਾਨਗਰ ਅੱਤਵਾਦੀ ਹਮਲੇ ਤੋਂ ਬਾਅਦ ਸੋਸ਼ਲ ਮੀਡੀਆ ''ਤੇ ਜੋ ਵੀਡੀਓ ਵਾਇਰਲ ਹੋਇਆ, ਉਸ ''ਚ ਕਰੀਬ 1 ਦਰਜਨ ਪਾਕਿ ਅੱਤਵਾਦੀ ਜਿਨ੍ਹਾਂ ਨੇ ਭਾਰਤੀ ਫੌਜ ਦੀ ਵਰਦੀ ਪਹਿਨੀ ਹੈ, ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਪੰਜਾਬ ''ਚ ਦਾਖਲ ਹੋ ਚੁੱਕੇ ਹਨ ਤੇ ਇਨ੍ਹਾਂ ਨੂੰ ਪੰਜਾਬ ਦੇ ਸਰਹੱਦੀ ਜ਼ਿਲਿਆਂ ''ਚ ਸ਼ੱਕੀ ਹਾਲਤ ''ਚ ਘੁੰਮਦੇ ਦੇਖਿਆ ਗਿਆ ਹੈ। ਸੋਸ਼ਲ ਮੀਡੀਆ ''ਤੇ ਇਹ ਵੀ ਸੰਦੇਸ਼ ਲੋਕਾਂ ਨੂੰ ਧੜਾਧੜ ਆ ਰਹੇ ਹਨ ਕਿ 15 ਅਗਸਤ ਤੱਕ ਪੰਜਾਬ ''ਚ ਦਾਖਲ ਹੋਏ ਇਹ ਅੱਤਵਾਦੀ ਕਿਸੇ ਵੱਡੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ, ਇਸ ਲਈ ਲੋਕ ਸੁਚੇਤ ਰਹਿਣ। ਇਨ੍ਹਾਂ ਸੰਦੇਸ਼ਾਂ ਨੂੰ ਪੜ੍ਹ ਕੇ ਅਤੇ ਵੀਡੀਓ ਨੂੰ ਦੇਖ ਕੇ ਸੂਬੇ ਦੇ ਲੋਕ ਦਹਿਸ਼ਤ ''ਚ ਹਨ।