ਟੈਂਡਰ ਘਪਲਾ : ਸਾਬਕਾ ਮੰਤਰੀ ਆਸ਼ੂ ਦੇ ਕਰੀਬੀ ਇੰਦੀ ਦੀ ਜ਼ਮਾਨਤ ਸੁਪਰੀਮ ਕੋਰਟ ''ਚ ਵੀ ਹੋਈ ਖਾਰਜ

12/03/2022 2:30:19 PM

ਲੁਧਿਆਣਾ (ਰਾਜ) : ਅਨਾਜ ਮੰਡੀ ਟਰਾਂਸਪੋਰਟੇਸ਼ਨ ਟੈਂਡਰ ਘਪਲੇ ’ਚ ਨਾਮਜ਼ਦ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਇੰਦਰਜੀਤ ਸਿੰਘ ਉਰਫ਼ ਇੰਦੀ ਦੀ ਜ਼ਮਾਨਤ ਪਟੀਸ਼ਨ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ, ਜਦੋਂਕਿ ਇਸ ਤੋਂ ਪਹਿਲਾਂ ਇੰਦਰਜੀਤ ਦੀ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਸੈਸ਼ਨ ਕੋਰਟ ਤੇ ਹਾਈਕੋਰਟ ’ਚ ਰੱਦ ਹੋ ਚੁੱਕੀ ਸੀ। ਉਧਰ, ਇਸ ਮਾਮਲੇ ’ਚ ਸਭ ਤੋਂ ਪਹਿਲਾਂ ਗ੍ਰਿਫ਼ਤਾਰ ਹੋਏ ਠੇਕੇਦਾਰ ਤੇਲੂ ਰਾਮ ਦੀ ਜ਼ਮਾਨਤ ਪਟੀਸ਼ਨ ਜ਼ਿਲ੍ਹਾ ਸੈਸ਼ਨ ਕੋਰਟ ’ਚ ਲਗਾਈ ਗਈ, ਜਿਸ ’ਤੇ ਵਿਜੀਲੈਂਸ ਦੀ ਟੀਮ ਨੇ ਆਪਣੇ ਤਰਕ ਦਿੱਤੇ ਹਨ ਅਤੇ ਉਸ ’ਤੇ ਵੀ ਸੁਣਵਾਈ ਸ਼ਨੀਵਾਰ ਨੂੰ ਹੋਣੀ ਹੈ।

ਅਸਲ ’ਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਜ਼ਦੀਕੀ ਮੀਨੂ ਪੰਕਜ ਮਲਹੋਤਰਾ ਅਤੇ ਇੰਦਰਜੀਤ ਸਿੰਘ ਇੰਦੀ ਦੀ ਭਗੌੜੇ ਦੀ ਕਾਰਵਾਈ ਚੱਲ ਰਹੀ ਹੈ। ਇਸ ਤੋਂ ਪਹਿਲਾਂ ਇੰਦਰਜੀਤ ਸਿੰਘ ਜ਼ਮਾਨਤ ਪਟੀਸ਼ਨ ਲਗਾ ਚੁੱਕਾ ਹੈ, ਜਿਸ ਵਿਚ ਸਭ ਤੋਂ ਪਹਿਲਾਂ ਜ਼ਿਲ੍ਹਾ ਸੈਸ਼ਨ ਕੋਰਟ ਨੇ ਜ਼ਮਾਨਤ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ ਅਤੇ ਫਿਰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਸੀ।

ਇਸ ਤੋਂ ਬਾਅਦ ਹੁਣ ਇੰਦਰਜੀਤ ਸਿੰਘ ਨੇ ਸੁਪਰੀਮ ਕੋਰਟ ਵੱਲ ਆਪਣਾ ਰੁਖ ਕੀਤਾ ਸੀ ਅਤੇ ਜ਼ਮਾਨਤ ਪਟੀਸ਼ਨ ਲਗਾਈ ਸੀ, ਜਿਸ ’ਤੇ ਸ਼ੁੱਕਰਵਾਰ ਨੂੰ ਸੁਣਵਾਈ ਹੋਈ ਅਤੇ ਸੁਪਰੀਮ ਕੋਰਟ ਨੇ ਦਲੀਲਾਂ ਸੁਣਨ ਤੋਂ ਬਾਅਦ ਜ਼ਮਾਨਤ ਪਟੀਸ਼ਨ ਖਾਰਜ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਵਿਜੀਲੈਂਸ ਵਿਭਾਗ ਦੋਵਾਂ ਨੂੰ ਭਗੌੜਾ ਕਰਾਰ ਦੇਣ ਦੀ ਕਾਰਵਾਈ ’ਚ ਲਗਾਤਾਰ ਲੱਗੀ ਹੋਈ ਹੈ। 24 ਦਸੰਬਰ ਨੂੰ ਸੁਣਵਾਈ ਹੋਣੀ ਹੈ। ਦੋਵੇਂ ਜੇਕਰ 24 ਦਸੰਬਰ ਤੱਕ ਅਦਾਲਤ ’ਚ ਆਤਮ-ਸਮਰਪਣ ਨਹੀਂ ਕਰਦੇ ਤਾਂ ਉਨ੍ਹਾਂ ਨੂੰ ਭਗੌੜਾ ਕਰਾਰ ਦੇ ਦਿੱਤਾ ਜਾਵੇਗਾ।

Babita

This news is Content Editor Babita